ਗੁਰਦਾਸਪੁਰ: ਬਟਾਲਾ ਨੇੜਲੇ ਪਿੰਡ ਜੌੜਾ ਸਿੰਘਾ ਵਿੱਚ ਇੱਕ ਘਰ ਦੀ ਅਚਾਨਕ ਛੱਤ ਡਿੱਗਣ ਕਾਰਨ ਇੱਕ ਬਜ਼ੁਰਗ ਔਰਤ ਅਤੇ 5 ਸਾਲਾ ਬੱਚੇ ਦੀ ਮੌਤ ਹੋ ਗਈ ਹੈ, ਜਦਕਿ ਇੱਕ ਤਿੰਨ ਸਾਲਾ ਬੱਚਾ ਵੀ ਹਾਦਸੇ ਵਿੱਚ ਜ਼ਖ਼ਮੀ ਹੋ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਘਰ ਦਾ ਇਹ ਕਮਰਾ ਕਾਫੀ ਪੁਰਾਣਾ ਸੀ। ਪੁਲਿਸ ਨੇ ਮਾਮਲੇ ਵਿੱਚ ਕਾਰਵਾਈ ਅਰੰਭ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਪੀੜਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਇੱਕ ਕਮਰੇ ਦੀ ਛੱਡ ਅਚਾਨਕ ਡਿੱਗ ਗਈ ਹੈ। ਉਸ ਨੇ ਦੱਸਿਆ ਕਿ ਉਕਤ ਕਮਰੇ ਵਿੱਚ ਉਸਦਾ ਪੂਰਾ ਪਰਿਵਾਰ ਮੌਜੂਦ ਸੀ। ਉਸਦੀ ਘਰਵਾਲੀ ਮਾਤਾ ਮਨਜੀਤ ਕੌਰ (ਉਮਰ 65 ਸਾਲ) ਨੂੰ ਰੋਟੀ ਖੁਆ ਰਹੀ ਸੀ ਅਤੇ ਬੱਚੇ ਰਾਤ ਸਮੇਂ ਟੀਵੀ ਵੇਖ ਰਹੇ ਸਨ। ਅਚਾਨਕ ਦੇਰ ਸ਼ਾਮ ਕਮਰੇ ਦੀ ਛੱਤ ਡਿੱਗ ਗਈ। ਨਤੀਜੇ ਵੱਜੋਂ ਉਸਦੀ ਮਾਤਾ ਤੇ ਪੰਜ ਸਾਲਾ ਬੱਚੇ ਦੀ ਮੌਕੇ 'ਤੇ ਹੀ ਮਲਬੇ ਹੇਠ ਦੱਬੇ ਜਾਣ ਕਾਰਨ ਮੌਤ ਹੋ ਗਈ। ਜਦਕਿ ਤਿੰਨ ਸਾਲ ਦਾ ਬੱਚਾ ਜ਼ਖ਼ਮੀ ਹੋ ਗਿਆ, ਜਿਸ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।
ਉਸ ਨੇ ਦੱਸਿਆ ਕਿ ਇਹ ਕਮਰਾ ਪੱਕਾ ਸੀ, ਜਿਸਦੇ ਡਿੱਗਣ ਬਾਰੇ ਸੋਚਿਆ ਨਹੀਂ ਜਾ ਸਕਦਾ ਸੀ। ਉਸ ਨੇ ਸ਼ੱਕ ਪ੍ਰਗਟਾਇਆ ਕਿ ਪਾਣੀ ਪੈਣ ਕਾਰਨ ਕਮਰਾ ਡਿੱਗਿਆ ਹੋ ਸਕਦਾ ਹੈ।
ਮੌਕੇ 'ਤੇ ਪੁੱਜ ਕੇ ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਦੋਵੇਂ ਮ੍ਰਿਤਕ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਬਟਾਲਾ ਦੇ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਕਰਵਾਉਣ ਲਈ ਭੇਜ ਦਿੱਤਾ ਹੈ ਅਤੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।