ਗੁਰਦਾਸਪੁਰ: ਇਸ ਸਾਲ ਹੋਈ ਬੇਮੌਸਮੀ ਬਰਸਾਤ ਨੇ ਕਿਸਾਨਾਂ ਦੇ ਸੁਪਨਿਆਂ ਨੂੰ ਤੋੜ ਕੇ ਰੱਖ ਦਿੱਤਾ ਹੈ। ਕਣਕ ਝੋਨੇ ਦੀ ਫਸਲ ਤੋਂ ਲੈਕੇ ਫਲਾਂ ਦੇ ਬਾਗ਼ ਤੱਕ ਉੱਜੜ ਗਏ। ਜਿਸ ਕਾਰਨ ਹੁਣ ਕਿਸਾਨਾਂ ਦੀ ਫਸਲ ਪ੍ਰਭਾਵਿਤ ਹੋਈ ਹੈ ਤੇ ਕਿਸਾਨਾਂ ਦੀ ਵਿੱਤੀ ਹਾਲਾਤ ਨੂੰ ਵੀ ਪ੍ਰਭਾਵਿਤ ਕੀਤਾ, ਕਿਸਾਨਾਂ ਦੇ ਫਲ-ਸਬਜੀਆਂ ਦਾ ਵੀ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ। ਖਾਸ ਕਰਕੇ ਪਿਛਲੇ ਕੁਝ ਦਿਨਾਂ ਦੌਰਾਨ ਗੁਰਦਾਸਪੁਰ ਵਿਚ ਆਏ ਵੱਡੇ ਤੂਫਾਨ ਅਤੇ ਗੜ੍ਹੇਮਾਰੀ ਨੇ ਅੰਬ ਅਤੇ ਲੀਚੀ ਦੇ ਬਾਗਾਂ ਦਾ ਭਾਰੀ ਨੁਕਸਾਨ ਕੀਤਾ ਹੈ। ਜਿਸ ਕਾਰਨ ਕਿਸਾਨ ਪ੍ਰੇਸ਼ਾਨ ਹਨ ਅਤੇ ਉਹਨਾਂ ਵੱਲੋਂ ਹੁਣ ਸਰਕਾਰਾਂ ਤੋਂ ਹੀ ਮਦਦ ਦੀ ਅਪੀਲੀ ਕੀਤੀ ਜਾ ਰਹੀ ਹੈ ਕਿ ਜਿਵੇਂ ਸਰਕਾਰ ਰਿਵਾਇਤੀ ਫਸਲਾਂ ਦੇ ਖਰਾਬੇ 'ਤੇ ਮੁਆਵਜ਼ਾ ਦਿੰਦੀ ਹੈ। ਉਸ ਤਰ੍ਹਾਂ ਹੀ ਬਾਗਬਾਨਾਂ ਦੇ ਖਰਾਬੇ ਦਾ ਵੀ ਮੁਆਵਜਾ ਦੇਣ ਲਈ ਕੋਈ ਨਵੀਂ ਨੀਤੀ ਬਣਾਈ ਜਾਵੇ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ।
ਨੁਕਸਾਨ ਦੀ ਪੂਰਤੀ ਲਈ ਸਰਕਾਰ ਲਿਆਵੇ ਨੀਤੀ: ਗੱਲ ਕੀਤੀ ਜਾਵੇ ਗੁਰਦਾਸਪੁਰ ਨੇੜਲੇ ਪਿੰਡ ਬਰਿਆਰ ਦੀ ਤਾਂ ਇਥੇ ਕਿਸਾਨ ਦਿਲਬਾਗ ਸਿੰਘ ਵੱਲੋਂ ਵੱਲੋਂ ਕਰੀਬ 10 ਏਕੜ ਵਿੱਚ ਲੀਚੀ ਦਾ ਬਾਗ਼ ਲਾਇਆ ਗਿਆ ਹੈ। ਲੀਚੀ ਦੀ ਫਸਲ ਦੀ ਪੈਦਾਵਾਰ ਕਰਨ ਵਾਲੇ ਦਿਲਬਾਗ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਹੁਣ ਤੋਂ ਕਰੀਬ ਕਰੀਬ 35 ਸਾਲ ਪਹਿਲਾਂ ਲੀਚੀ ਦੀ ਬਾਗ਼ਬਾਨੀ ਸ਼ੁਰੂ ਕੀਤੀ ਸੀ, ਜੋ ਕਿ 10 ਸਾਲ ਬਾਅਦ ਤਿਆਰ ਹੋਈ ਅਤੇ ਹੁਣ ਉਹ 25 ਸਾਲ ਤੋਂ ਲੀਚੀ ਦਾ ਫਲ ਵੇਚ ਰਹੇ ਹਨ। ਉਨ੍ਹਾਂ ਦੱਸਿਆ ਕਿ ਆਮ ਤੌਰ 'ਤੇ ਲੀਚੀ ਦਾ ਇੱਕ ਬੂਟਾ ਇੱਕ ਸੀਜਨ ਵਿੱਚ ਕਰੀਬ 80 ਕਿੱਲੋ ਫਲ ਦਿੰਦਾ ਹੈ,ਪਰ ਇਸ ਸਾਲ ਹੋਈ ਬੇਮੌਸਮੀ ਬਾਰਿਸ਼ ਅਤੇ ਹਨੇਰੀ-ਝੱਖੜ ਕਾਰਨ ਬਾਗ ਦਾ ਇੰਨਾਂ ਨੁਕਸਾਨ ਹੋਇਆ ਹੈ ਕਿ ਜ਼ਿਆਦਾ ਬੂਟਿਆਂ ਉੱਤੇ ਬਹੁਤ ਮੁਸ਼ਕਿਲ ਨਾਲ ਪੰਜ ਤੋਂ ਸੱਤ ਕਿੱਲੋ ਫਲ ਹੀ ਬਚਿਆ ਹੈ। ਉਨ੍ਹਾਂ ਦੱਸਿਆ ਕਿ ਹਨੇਰੀ ਅਤੇ ਗੜ੍ਹੇਮਾਰੀ ਨਾਲ ਬਾਗ 'ਚ ਲੱਗੇ ਕਰੀਬ 400 ਬੂਟੇ ਪ੍ਰਭਾਵਿਤ ਹੋਏ। ਜਿਸ ਕਾਰਨ ਉਸਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ।
ਕੋਈ ਵੀ ਮੁਆਵਜ਼ਾ ਮਿਲਣ ਦੀ ਉਮੀਦ ਨਹੀਂ : ਕਿਸਾਨ ਚੀਮਾ ਨੇ ਦੱਸਿਆ ਕਿ ਬੇਸ਼ੱਕ ਬਾਗਬਾਨੀ ਵਿਭਾਗ ਦੇ ਅਧਿਕਾਰੀਆਂ ਨੇ ਉਨ੍ਹਾਂ ਦੇ ਬਾਗ ਦਾ ਦੌਰਾ ਕਰਕੇ ਖਰਾਬ ਹੋਏ ਬੂਟਿਆਂ ਦਾ ਜਾਇਜ਼ਾ ਲਿਆ ਹੈ ਪਰ ਅਜੇ ਤੱਕ ਸਰਕਾਰ ਵੱਲੋਂ ਬਾਗਬਾਨਾਂ ਨੂੰ ਮੁਆਵਜਾ ਦੇਣ ਸਬੰਧੀ ਕੋਈ ਵੀ ਪਾਲਿਸੀ ਨਹੀਂ ਬਣਾਈ ਗਈ। ਜਿਸ ਕਾਰਨ ਉਨ੍ਹਾਂ ਨੂੰ ਸਰਕਾਰ ਕੋਲੋਂ ਕੋਈ ਵੀ ਮੁਆਵਜ਼ਾ ਮਿਲਣ ਦੀ ਉਮੀਦ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਮਾਨ ਸਰਕਾਰ ਅਜਿਹੀ ਪਾਲਿਸ ਬਣਾਉਣ ਦੀ ਵਿਚਾਰ ਕਰ ਰਹੀ ਹੈ ਅਤੇ ਉਨ੍ਹਾਂ ਨੂੰ ਆਸ ਹੈ ਕਿ ਜੇਕਰ ਸਰਕਾਰ ਪਾਲਿਸੀ ਬਣਾਉਣ ਵਿੱਚ ਸਫਲ ਰਹੀ ਤਾਂ ਬਾਗਬਾਨ ਇਸ ਕੰਮ ਵਿੱਚ ਸਫਲ ਹੋ ਸਕਣਗੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਨੁਕਸਾਨ ਦਾ ਸਾਹਮਣਾ ਕਰ ਰਹੇ ਬਾਗਬਾਨ ਬਾਗ ਪੁੱਟਣ ਲਈ ਮਜਬੂਰ ਹੋ ਜਾਣਗੇ।