ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਡੇਅਰੀਵਾਲ ਦਰੋਗਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿਥੇ ਕੁਝ ਲੋਕਾਂ ਵੱਲੋਂ ਇੱਕ ਔਰਤ ਨੂੰ ਡੰਡਿਆਂ ਨਾਲ ਕੁੱਟਿਆ ਗਿਆ ਹੈ ਤੇ ਉਸ ਨੂੰ ਵਾਲਾਂ ਤੋਂ ਫੜ੍ਹ ਕੇ ਘਸੀਟਿਆ ਗਿਆ ਹੈ।
ਦੱਸ ਦੇਈਏ ਪੀੜਤ ਔਰਤ ਨਾਲ ਉਸ ਦੇ ਜੇਠ, ਜੇਠਾਨੀ ਤੇ ਸੱਸ ਨੇ ਕੁੱਟ ਮਾਰ ਕੀਤੀ ਹੈ, ਜਿਸ ਤੋਂ ਬਾਅਦ ਪੀੜਤ ਔਰਤ ਨੂੰ ਗੁਰਦਾਸਪੁਰ ਦੇ ਸਿਵਲ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ। ਪੀੜਤ ਔਰਤ ਨੇ ਦੱਸਿਆ, "6 ਸਾਲ ਪਹਿਲਾਂ ਮੇਰਾ ਵਿਆਹ ਹੋਇਆ ਸੀ। ਮੇਰਾ ਪਤੀ ਵਿਦੇਸ਼ 'ਚ ਕੰਮ ਕਰਦਾ ਹੈ।
ਜਦੋਂ ਉਹ ਪਿਛਲੀ ਵਾਰ ਛੁੱਟੀ 'ਤੇ ਘਰ ਆਇਆ ਸੀ ਤਾਂ ਉਸ ਨੇ ਮੇਰੇ ਨਾਲ ਲੜਾਈ ਕੀਤੀ, ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ਨੇ ਬੈਠ ਕੇ ਇਸ ਲੜਾਈ ਝਗੜੇ 'ਤੇ ਮਿੱਟੀ ਪਾਉਣ ਲਈ ਕਿਹਾ। ਪਰ ਜਦੋਂ ਉਹ ਵਾਪਸ ਵਿਦੇਸ਼ ਚਲਾ ਗਿਆ ਤਾਂ ਮਗਰੋਂ ਮੇਰੀ ਸੱਸ ਤੇ ਜੇਠ ਨੇ ਮੈਨੂੰ ਤੰਗ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ।"
ਪੀੜਤ ਔਰਤ ਨੇ ਦੋਸ਼ ਲਗਾਇਆ ਕਿ ਉਸ ਦਾ ਜੇਠ ਉਸ 'ਤੇ ਮਾੜੀ ਨਜ਼ਰ ਰੱਖਦਾ ਹੈ। ਜਦੋਂ ਇਹ ਗ਼ੱਲ ਪੀੜਤ ਔਰਤ ਨੇ ਆਪਣੇ ਪਤੀ ਤੇ ਸੱਸ ਨੂੰ ਦੱਸੀ ਤਾਂ ਉਨ੍ਹਾਂ ਨੇ ਉਸ 'ਤੇ ਯਕੀਨ ਨਹੀਂ ਕੀਤਾ। ਥੱਕ-ਹਾਰ ਕੇ ਪੀੜਤ ਔਰਤ ਨੇ ਆਪਣੀ ਭਾਬੀ ਨੂੰ ਸਾਰੀ ਗ਼ੱਲ ਦੱਸੀ।
ਬੀਤੇ ਦਿਨੀਂ ਜਦੋਂ ਉਸ ਦੀ ਭਾਬੀ ਪਿੰਡ ਆਈ ਤਾਂ ਉਸ ਦੇ ਪਰਿਵਾਰਕ ਮੈਂਬਰਾਂ ਨੇ ਭਾਬੀ ਦੇ ਸਾਹਮਣੇ ਉਸ ਨੂੰ ਮਾਰਨਾ ਕੁੱਟਣਾ ਸ਼ੁਰੂ ਕਰ ਦਿੱਤਾ। ਇਸ ਮੌਕੇ ਡੀਐਸਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਮਾਮਲੇ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਪੀੜਤ ਔਰਤ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।