ਗੁਰਦਾਸਪੁਰ: ਲੋਕ ਸਭਾ ਚੋਣਾਂ 2019 ਲਈ ਚੋਣ ਅਖਾੜਾ ਭਖਿਆ ਹੋਇਆ ਹੈ। ਹਰ ਉਮੀਦਵਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੋਣ ਪ੍ਰਚਾਰ ਕਰ ਰਿਹਾ ਹੈ। ਇਸੇ ਲੜੀ 'ਚ ਅਕਾਲੀ-ਭਾਜਪਾ ਦੇ ਸਾਂਝੇ ਉਮੀਦਵਾਰ ਸੰਨੀ ਦਿਓਲ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਬਾਲੀਵੁੱਡ ਅਦਾਕਰ ਧਰਮਿੰਦਰ ਦਿਓਲ ਕਾਫ਼ੀ ਸਰਗਰਮ ਨਜ਼ਰ ਆ ਰਹੇ ਹਨ।
ਲੋਕਾਂ 'ਚ ਚੋਣ ਪ੍ਰਚਾਰ ਕਰਨ ਸਮੇਂ ਧਰਮਿੰਦਰ ਨੇ ਸਟੇਜ ਤੋਂ ਕਿਹਾ ਕਿ ਪੰਜਾਬ ਉਨ੍ਹਾਂ ਦੀ ਮਾਂ ਹੈ ਅਤੇ ਮਾਂ ਨੂੰ ਉਹ ਕਦੇ ਨਹੀਂ ਭੁਲਾ ਸਕਦੇ। ਉਨ੍ਹਾਂ ਕਿਹਾ ਕਿ ਪੰਜਾਬ ਨੇ ਉਨ੍ਹਾਂ ਨੂੰ ਬਹੁਤ ਕੁਝ ਦਿੱਤਾ ਹੈ। ਧਰਮਿੰਦਰ ਨੇ ਕਿਹਾ ਕਿ ਉਨ੍ਹਾਂ ਨੂੰ ਸੱਤਾ ਦਾ ਲਾਲਚ ਨਹੀਂ ਹੈ ਤੇ ਸਿਆਸਤ ਵੱਲ ਉਨ੍ਹਾਂ ਦਾ ਕੋਈ ਧਿਆਨ ਨਹੀਂ ਸੀ ਪਰ ਅਚਾਨਕ ਹੀ ਅਜਿਹੀ ਸਿਆਸੀ ਕੈਂਚੀ ਵੱਜੀ ਕਿ ਉਨ੍ਹਾਂ ਨੂੰ ਸਿਆਸਤ 'ਚ ਆਉਣਾ ਪਿਆ ਅਤੇ ਹੁਣ ਉਸ ਸਿਆਸੀ ਕੈਂਚੀ ਦਾ ਸ਼ਿਕਾਰ ਸੰਨੀ ਹੋ ਚੁੱਕਾ ਹੈ ਤੇ ਹੁਣ ਲੋਕ ਸੰਨੀ ਦੇ ਹੱਕ 'ਚ ਵੋਟ ਪਾਉਣ।
ਇਸ ਮੌਕੇ ਧਰਮਿੰਦਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਤਾਂ ਉਨ੍ਹਾਂ ਦੇ ਪਿੰਡ ਸਾਹਨੇਵਾਲ ਚੋਂ ਭਰਵਾਂ ਪਿਆਰ ਮਿਲਦਾ ਰਿਹਾ ਹੈ ਪਰ ਪਤਾ ਨਹੀਂ ਉਹ ਕੌਣ ਲੋਕ ਹਨ ਜੋ ਸੰਨੀ ਖ਼ਿਲਾਫ਼ ਪ੍ਰੈਸ ਕਾਨਫਰੰਸ ਕਰਨ ਆਏ ਸਨ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਸਾਹਨੇਵਾਲ ਤੋਂ ਕੁਝ ਲੋਕਾਂ ਨੇ ਪ੍ਰੈਸ ਕਾਨਫ਼ਰੰਸ ਕਰਦਿਆਂ ਦਿਓਲ ਪਰਿਵਾਰ ਬਾਰੇ ਕਿਹਾ ਸੀ ਕਿ ਉਨ੍ਹਾਂ ਕਦੇ ਆਪਣੇ ਇਲਾਕੇ ਵਿੱਚ ਸਮਾਂ ਨਹੀਂ ਬਿਤਾਇਆ ਤਾਂ ਗੁਰਦਾਸਪੁਰ 'ਚ ਕਿਵੇਂ ਰਹਿਣਗੇ।
ਧਰਮਿੰਦਰ ਨੇ ਕਿਹਾ ਕਿ ਰਾਜਨੀਤੀ ਵਿੱਚ ਕਿਸੇ ਖ਼ਿਲਾਫ਼ ਸਹੀ ਬੋਲਣਾ ਵੀ ਉਸ ਨੂੰ ਗ਼ਲਤ ਲੱਗ ਸਕਦਾ ਹੈ। ਇਸ ਲਈ ਉਹ ਕਿਸੇ ਖ਼ਿਲਾਫ਼ ਮੰਦਾ-ਚੰਗਾ ਨਹੀਂ ਬੋਲਣਗੇ ਅਤੇ ਉਹ ਸਿਰਫ਼ ਆਪਣਾ ਕੰਮ ਕਰਨ ਆਏ ਹਨ ਤੇ ਆਪਣਾ ਕੰਮ ਕਰਨਗੇ।