ਗੁਰਦਾਸਪੁਰ: ਸਿਹਤ ਵਿਭਾਗ ਵੱਲੋਂ ਡੇਂਗੂ ਬੁਖ਼ਾਰ ਨਾਲ ਨਜਿੱਠਣ ਲਈ ਪੁਖਤਾ ਪ੍ਰਬੰਧਾਂ ਦੀ ਗੱਲ ਕਹੀ ਜਾ ਰਹੀ ਹੈ ਪਰ ਗੁਰਦਾਸਪੁਰ ਦੇ ਸਰਹੱਦੀ ਕਸਬਾ ਕਲਾਨੌਰ ਵਿੱਚ ਡੇਂਗੂ ਬੁਖ਼ਾਰ ਦਾ ਕਹਿਰ ਜਾਰੀ ਹੈ ਅਤੇ ਹੁਣ ਤੱਕ ਡੇਂਗੂ ਬੁਖ਼ਾਰ ਦੇ 29 ਮਰੀਜ਼ ਸਾਹਮਣੇ ਆ ਚੁੱਕੇ ਹਨ ਅਤੇ ਜ਼ਿਲ੍ਹੇ ਵਿੱਚ ਡੇਂਗੂ ਬੁਖ਼ਾਰ ਨਾਲ ਪੀੜਤ ਕੁੱਲ 31 ਮਰੀਜ਼ਾਂ ਦੀ ਪੁਸ਼ਟੀ ਸਿਹਤ ਵਿਭਾਗ ਵੱਲੋਂ ਕੀਤੀ ਗਈ ਹੈ।
ਸਿਹਤ ਵਿਭਾਗ ਵੱਲੋ ਡੇਂਗੂ ਬੁਖ਼ਾਰ ਨਾਲ ਪੀੜਤ ਮਰੀਜਾਂ ਲਈ ਵੱਖਰੇ ਵਾਰਡ ਬਣਾਏ ਗਏ ਹਨ ਜਿੱਥੇ ਉਹਨਾਂ ਦਾ ਇਲਾਜ ਮੁਫ਼ਤ ਕੀਤਾ ਜਾ ਰਿਹਾ ਹੈ। ਜਾਣਕਾਰੀ ਦਿੰਦਿਆਂ ਸਿਹਤ ਵਿਭਾਗ ਦੇ ਜ਼ਿਲ੍ਹਾ ਨੋਡਲ ਅਧਿਕਾਰੀ ਡਾਕਟਰ ਮਨਜਿੰਦਰ ਸਿੰਘ ਬੱਬਰ ਦਾ ਕਹਿਣਾ ਹੈ ਕਿ ਹੁਣ ਤੱਕ ਸਿਹਤ ਵਿਭਾਗ ਵੱਲੋ ਡੇਂਗੂ ਬੁਖ਼ਾਰ ਦੇ 105 ਟੈਸਟ ਕੀਤੇ ਗਏ ਹਨ ਜਿਹਨਾਂ ਵਿਚੋਂ 31 ਟੈਸਟ ਪੋਸਟਿਵ ਪਏ ਗਏ ਹਨ ਜਿਸ ਵਿਚ 29 ਮਰੀਜ਼ ਕਸਬਾ ਕਲਾਨੌਰ ਦੇ ਹਨ ਅਤੇ 2 ਮਰੀਜ਼ ਗੁਰਦਾਸਪੁਰ ਸ਼ਹਿਰ ਵਿੱਚ ਪਏ ਗਏ ਹਨ। ਜਿਹਨਾਂ ਦਾ ਮੁਫ਼ਤ ਇਲਾਜ ਕਲਾਨੌਰ ਦੇ ਸਰਕਾਰੀ ਹਸਪਤਾਲ ਵਿੱਚ ਚੱਲ ਰਿਹਾ ਹੈ ਅਤੇ ਦੋ ਮਰੀਜਾਂ ਦਾ ਇਲਾਜ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿਚ ਚੱਲ ਰਿਹਾ ਹੈ।
ਇਹ ਵੀ ਪੜੋ: ਫ਼ਿਰੋਜ਼ਸ਼ਾਹ ਕੋਟਲਾ ਦਾ ਹੁਣ ਨਾਂਅ ਹੋਵੇਗਾ ਅਰੁਣ ਜੇਟਲੀ
ਉਨ੍ਹਾਂ ਦਾ ਕਹਿਣਾ ਹੈ ਕਿ ਡੇਂਗੂ ਦੇ ਮਰੀਜ਼ਾਂ ਲਈ ਪੰਜਾਬ ਸਰਕਾਰ ਦੇ ਹੁਕਮਾਂ 'ਤੇ ਸਰਕਾਰੀ ਹਸਪਤਾਲਾਂ ਵਿਚ ਡੇਂਗੂ ਵਾਰਡ ਬਣਾਏ ਗਏ ਹਨ ਜਿੱਥੇ ਮਰੀਜਾਂ ਦਾ ਮੁਫ਼ਤ ਇਲਾਜ ਕੀਤਾ ਜਾਂਦਾ ਹੈ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਡੇਂਗੂ ਮੱਛਰ ਤੋਂ ਬਚਣ ਲਈ ਘਰਾਂ ਗਮਲਿਆਂ, ਟਾਇਰਾਂ ਅਤੇ ਕੂਲਰਾਂ ਵਿਚ ਪਾਣੀ ਇਕੱਠਾ ਨਾ ਹੋਣ ਦਿੱਤਾ ਜਾਵੇ ਅਤੇ ਮੀਂਹ ਦੇ ਮੌਸਮ ਵਿੱਚ ਪੁਰੀ ਸਾਵਧਾਨੀ ਵਰਤੀ ਜਾਵੇ ਤਾਂ ਜੋ ਡੇਂਗੂ ਬੁਖਾਰ ਤੋਂ ਬਚਿਆ ਜਾ ਸਕੇ।