ਗੁਰਦਾਸਪੁਰ: ਚੀਨ ਵਿਚ ਫੈਲਿਆ ਕੋਰੋਨਾ ਵਾਇਰਸ ਹੁਣ ਭਾਰਤ ਵੀ ਪਹੁੰਚ ਚੁੱਕਿਆ ਹੈ। ਭਾਰਤ ਵਿੱਚ ਕੋਰੋਨਾ ਵਾਇਰਸ ਨਾਲ ਪੀੜਤ 28 ਮਰੀਜ ਸਾਹਮਣੇ ਆਏ ਹਨ। ਕੋਰੋਨਾ ਵਾਇਰਸ ਤੋਂ ਬਚਣ ਲਈ ਸਿਹਤ ਵਿਭਾਗ ਵੱਲੋ ਸਾਵਧਾਨੀ ਵਰਤਣ ਦੀ ਗੱਲ ਕਹੀ ਜਾ ਰਹੀ ਹੈ।
ਗੁਰਦਾਸਪੁਰ ਵਿੱਚ ਵੀ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ। ਕੋਰੋਨਾ ਵਾਇਰਸ ਨਾਲ ਪੀੜਤ ਮਰੀਜ ਲਈ ਸ਼ਪੈਸ਼ਲ ਆਈਸੋਲੇਸ਼ਨ ਵਾਰਡ ਬਣਾਏ ਗਏ ਹਨ ਅਤੇ ਬਲੂ ਕਾਰਨਰ ਬਣਾਏ ਗਏ ਹਨ।
ਜਾਣਕਾਰੀ ਦਿੰਦਿਆ ਗੁਰਦਾਸਪੁਰ ਦੇ ਸਿਵਲ ਸਰਜਨ ਡਾਕਟਰ ਜੁਗਲ਼ ਕਿਸ਼ੋਰ ਨੇ ਦੱਸਿਆ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਜ਼ਿਲ੍ਹੇ ਵਿੱਚ ਖਾਸ ਪ੍ਰਬੰਧ ਕੀਤੇ ਗਏ ਹਨ। ਜ਼ਿਲ੍ਹੇ ਵਿੱਚ 26 ਆਈਸੋਲੇਸ਼ਨ ਬੈਡ ਰੱਖੇ ਗਏ ਹਨ ਅਤੇ ਮਰੀਜਾਂ ਦਾ ਚੈਕਅੱਪ ਕਰਨ ਲਈ ਬਲੂ ਕਾਰਨਰ ਬਣਾਏ ਗਏ ਹਨ ਜੇ ਕਿਸੇ ਮਰੀਜ ਨੂੰ ਖਾਂਸੀ ਜ਼ੁਕਾਮ ਹੈ ਤਾਂ ਬਲੂ ਕਾਰਨਰ ਵਿਚ ਉਸਦਾ ਦਾ ਚੈਕਅਪ ਕੀਤਾ ਜਾਂਦਾ ਹੈ ਅਤੇ ਮਰੀਜਾਂ ਲਈ ਮਾਸਕ ਦਾ ਪ੍ਰਬੰਧ ਹੈ।
ਇਹ ਵੀ ਪੜੋ: ਦੇਸ਼ ਭਰ 'ਚ ਕੋਰੋਨਾ ਵਾਇਰਸ ਦੇ 28 ਮਾਮਲਿਆਂ ਦੀ ਹੋਈ ਪੁਸ਼ਟੀ
ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿੱਚ ਅਜੇ ਤੱਕ ਦੋ ਸ਼ੱਕੀ ਮਰੀਜ ਸਾਹਮਣੇ ਆਏ ਸਨ, ਜਿਨ੍ਹਾਂ ਦੇ ਬਲੱਡ ਸੈਪਲ ਦਿੱਲੀ ਭੇਜੇ ਗਏ ਸਨ ਅਤੇ ਉਹ ਨੈਗਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਮਰੀਜਾਂ ਦੇ ਬਲੱਡ ਸੈਪਲ ਦਿੱਲੀ ਜਾਂ ਫਿਰ ਪੁਣੇ ਭੇਜੇ ਜਾਂਦੇ ਹਨ ਅਤੇ ਤਿੰਨ ਦਿਨਾਂ ਵਿੱਚ ਇਸਦੀ ਰਿਪੋਰਟ ਆ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਣ ਲਈ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ਼ ਸੁਥਰਾ ਰੱਖਣਾ ਚਾਹੀਦਾ ਹੈ ਅਤੇ ਇਤਿਹਾਤ ਵਰਤਣੀ ਚਾਹੀਦੀ ਹੈ।