ਗੁਰਦਾਸਪੁਰ : ਬੀਤੇ ਦਿਨੀਂ ਗੁਰਦਾਸਪੁਰ ਵਿਖੇ ਸਿਵਲ ਸਰਜਨ ਗੁਰਦਾਸਪੁਰ ਡਾ.ਹਰਭਜਨ ਰਾਮ ਮੰਡੀ ਨੇ ਯੂ.ਵਿਨ ਐਪ ਦੀ ਟ੍ਰੇਨਿੰਗ ਵਿੱਚ ਹਿੱਸਾ ਨਾ ਲੈਣ ਵਾਲੇ ਮੁਲਾਜ਼ਮਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕਰਨ ਸਬੰਧੀ ਨੋਟਿਸ ਜਾਰੀ ਕੀਤਾ ਹੈ, ਜਿਸ ਦੇ ਰੋਸ ਵਜੋਂ ਅੱਜ ਕਮਿਊਨਿਟੀ ਹੈਲਥ ਅਫਸਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਸਿਵਲ ਸਰਜਨ ਦਫਤਰ ਦਾ ਘਿਰਾਓ ਕੀਤਾ। ਇਸ ਮੌਕੇ ਐਸੋਸੀਏਸ਼ਨ ਦੇ ਮੈਂਬਰਾਂ ਨੇ ਕਿਹਾ ਕਿ ਸਿਵਲ ਸਰਜਨ ਵੱਲੋਂ ਨੌਕਰੀ ਤੋਂ ਕੱਢਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ।
ਇਸ ਸਬੰਧੀ ਡਾਕਟਰ ਹਰਭਜਨ ਨੇ ਮੁਲਾਜ਼ਮਾਂ ਖ਼ਿਲਾਫ਼ ਨੋਟਿਸ ਜਾਰੀ ਕੀਤਾ ਹੈ ਕਿ ਜਿਹੜੇ ਮੁਲਾਜਮ ਯੂ ਵਿਨ ਐਪ ਦੀ ਟ੍ਰੈਨਿੰਗ 'ਚ ਹਿੱਸਾ ਨਹੀਂ ਲੈਣਗੇ ਉਨ੍ਹਾਂ ਖਿਲਾਫ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਕਮਿਊਨਿਟੀ ਹੈਲਥ ਅਫਸਰਾਂ ਦੀ ਡਿਊਟੀ ਵੱਖ-ਵੱਖ ਬਲਾਕਾਂ ਵਿੱਚ ਯੂ-ਵਿਨ ਦੀ ਸਿਖਲਾਈ ਲਈ ਲਗਾਈ ਗਈ ਹੈ,ਜੋ ਕਿ ਪਹਿਲਾਂ ਹੀ ਓਪੀਡੀ, ਟੀਬੀ ਸਕ੍ਰੀਨਿੰਗ, ਕੈਂਪ, ਟੈਲੀ ਕਮਿਊਨੀਕੇਸ਼ਨ,ਰੀਜੁਵੇਨੇਸ਼ਨ,ਟੀਬੀ ਪ੍ਰੋਗਰਾਮ ਆਦਿ ਦਾ ਕੰਮ ਕਰ ਰਹੇ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਨਵਾਂ ਕੰਮ ਕਰਨ ਲਈ ਟ੍ਰੇਨਿੰਗ ਲੈਣ ਲਈ ਕਿਹਾ ਜਾ ਰਿਹਾ ਹੈ,ਜੋ ਉਨ੍ਹਾਂ 'ਤੇ ਕੰਮ ਦਾ ਵਾਧੂ ਬੋਝ ਪਾਇਆ ਜਾ ਰਿਹਾ ਹੈ।
ਧੱਕੇ ਨਾਲ ਸੌਂਪੀਆਂ ਜਾ ਰਹੀਆਂ ਵਾਧੂ ਜ਼ਿੰਮੇਵਾਰੀਆਂ : ਮੁਲਾਜ਼ਮਾਂ ਨੇ ਕਿਹਾ ਕਿ ਇਸ ਨਾਲ ਸਾਨੂੰ ਮਸਨਸਿਕ ਅਤੇ ਸਰੀਰਕ ਤੌਰ 'ਤੇ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੁਲਾਜ਼ਮਾਂ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੀਐਚਓ ਵੱਲੋਂ 15 ਟੀਚਿਆਂ ਦੇ ਆਧਾਰ 'ਤੇ ਕੰਮ ਕੀਤਾ ਜਾਂਦਾ ਹੈ। ਜੇਕਰ ਕੋਈ ਕੰਮ ਕਰਨ ਤੋਂ ਇਨਕਾਰ ਕਰਦਾ ਹੈ, ਤਾਂ ਉਨ੍ਹਾਂ 'ਤੇ ਅਨੁਸ਼ਾਸਨੀ ਕਾਰਵਾਈ ਕਰਨ ਦਾ ਡਰ ਦਿੱਤਾ ਜਾਂਦਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ 15 ਇੰਡੀਕੇਟਰ ਤੋਂ ਇਲਾਵਾ ਹੋਰ ਕੋਈ ਕੰਮ ਨਾ ਦਿੱਤਾ ਜਾਵੇ।ਇਸ ਤਰ੍ਹਾਂ ਅਸੀਂ ਨਵਾਂ ਕੰਮ ਤਾਂ ਕੀ ਸਿੱਖਣਾ ਅਤੇ ਕਰਨਾ,ਸਾਡੇ ਪਹਿਲਾਂ ਤੋਂ ਦਿੱਤੇ ਟਾਰਗੇਟ ਵੀ ਪ੍ਰਭਾਵਿਤ ਹੋ ਰਹੇ ਹਨ।
ਸਰਕਾਰ ਦੇ ਹੁਕਮਾਂ ਮੁਤਾਬਿਕ ਹੋ ਰਹੇ ਹਨ ਸਾਰੇ ਕੰਮ : ਦੂਜੇ ਪਾਸੇ ਸਿਵਲ ਸਰਜਨ ਗੁਰਦਾਸਪੁਰ, ਡਾ.ਹਰਭਜਨ ਰਾਮ ਮਾਂਡੀ ਦਾ ਕਹਿਣਾ ਹੈ ਕਿ ਯੂ-ਵਿਨ ਐਪ ਦਾ ਕੰਮ ਸਰਕਾਰ ਵੱਲੋਂ ਦਿੱਤੇ ਗਏ ਹੁਕਮਾਂ ਤਹਿਤ ਹੀ ਮੁਲਾਜਮਾਂ ਨੂੰ ਕੰਮ ਕਰਨ ਲਈ ਕਿਹਾ ਗਿਆ ਹੈ। ਤਾਂ ਜੋ ਲੋਕਾਂ ਤੱਕ ਸਿਹਤ ਨਾਲ ਸਬੰਧਿਤ ਜਾਣਕਾਰੀ ਪਹੁੰਚਾਈ ਜਾ ਸਕੇ। ਸਭ ਦਾ ਸਾਂਝਾ ਕੰਮ ਹੈ। ਕਿਸੇ ਮੁਲਾਜ਼ਮ ਨਾਲ ਕੋਈ ਧੱਕੇਸ਼ਾਹੀ ਨਹੀਂ ਕੀਤੀ ਜਾ ਰਹੀ।
ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ: ਜ਼ਿਕਰਯੋਗ ਹੈ ਕਿ ਜ਼ਿਲ੍ਹੇ ਵਿੱਚ ਕਰੀਬ 220 ਕਮਿਊਨਿਟੀ ਹੈਲਥ ਅਫ਼ਸਰ ਕੰਮ ਕਰ ਰਹੇ ਹਨ, ਜਿਨ੍ਹਾਂ ਖ਼ਿਲਾਫ਼ ਕਾਰਵਾਈ ਦੇ ਸੰਕੇਤ ਦਿੱਤੇ ਗਏ ਹਨ। ਸਿਵਲ ਸਰਜਨ ਵੱਲੋਂ ਜਾਰੀ ਪੱਤਰ ਵਿੱਚ ਲਿਖਿਆ ਗਿਆ ਹੈ ਕਿ ਯੂ ਵਿਨ ਐਪ ਦੀ ਟਰੇਨਿੰਗ ਰੂਮ ਨੰਬਰ 108 ਸਿਵਲ ਸਰਜਨ ਦਫ਼ਤਰ ਵਿੱਚ ਰੱਖੀ ਗਈ ਸੀ, ਜਿਸ ਵਿੱਚ ਮੁਲਾਜਮਾਂ ਨੂੰ ਹਾਜ਼ਰ ਰਹਿਣ ਦੀ ਹਿਦਾਇਤ ਕੀਤੀ ਗਈ ਪਰ ਮੁਲਾਜ਼ਮਾਂ ਦੇ ਨਾ ਆਉਣ ਦਾ ਉੱਚ ਅਧਿਕਾਰੀਆਂ ਨੇ ਗੰਭੀਰ ਨੋਟਿਸ ਲਿਆ ਹੈ ਅਤੇ ਜਿਹੜੇ ਮੁਲਾਜਮ ਸਿਖਲਾਈ ਵਿੱਚ ਸ਼ਾਮਲ ਨਹੀਂ ਹੋਏ, ਉਨ੍ਹਾਂ ਨੂੰ ਸਪੱਸ਼ਟੀਕਰਨ ਦੇਣ ਲਈ ਕਿਹਾ ਗਿਆ ਹੈ।