ਬਟਾਲਾ: ਆਈ.ਜੀ. ਬਾਰਡਰ ਰੇਂਜ ਐਸ.ਪੀ.ਐਸ. ਪਰਮਾਰ ਨੇ ਬਟਾਲਾ ਪੁਲਿਸ ਲਾਈਨ ਵਿਖੇ ਪ੍ਰੈਸ ਕਾਨਫ੍ਰੈਂਸ ਕਰਕੇ ਖੁਲਾਸਾ ਕੀਤਾ ਕਿ ਬਟਾਲਾ ਪੁਲਿਸ ਨੇ ਤਿੰਨ ਵੱਖ-ਵੱਖ ਗੈਂਗਾਂ ਦੇ 10 ਮੈਂਬਰ ਕਾਬੂ ਕੀਤੇ ਹਨ। ਇਨ੍ਹਾਂ ਵਿੱਚ ਔਰਤਾਂ ਵੀ ਸ਼ਾਮਲ ਹਨ ਜਿਨ੍ਹਾਂ ਕੋਲੋਂ 4 ਪਿਸਤੌਲਾਂ ਅਤੇ 60 ਦੇ ਕਰੀਬ ਜਿੰਦਾ ਕਾਰਤੂਸ , ਹੈਰੋਇਨ ਅਤੇ ਚੋਰੀ ਦੀਆਂ ਗੱਡੀਆਂ ਅਤੇ ਮੋਟਰਸਾਈਕਲ ਬਰਾਮਦ ਹੋਏ ਹਨ।
ਆਈ ਜੀ ਪਰਮਾਰ ਨੇ ਪ੍ਰੈਸ ਕਾਨਫ੍ਰੈਂਸ 'ਚ ਦਾਅਵਾ ਕੀਤਾ ਕਿ ਇਹ ਗੈਂਗ ਪੂਰੇ ਪੰਜਾਬ ਅਤੇ ਹਰਿਆਣਾ 'ਚ ਸਰਗਰਮ ਸੀ ਜੋ ਕਿ ਮੁੱਖ ਤੌਰ 'ਤੇ ਲੁਟਾ ਖੋਹਾਂ ਦੀਆ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਗੈਂਗਾਂ 'ਚ ਔਰਤਾਂ ਵੀ ਸ਼ਾਮਿਲ ਹਨ। ਆਈ.ਜੀ. ਨੇ ਦੱਸਿਆ ਕਿ ਹੁਣ ਤੱਕ ਦੀ ਤਫਤੀਸ਼ 'ਚ ਇਹ ਸਾਮਣੇ ਆਇਆ ਹੈ ਕਿ ਇਨ੍ਹਾਂ ਗ੍ਰਿਫਤਾਰ ਲੋਕਾਂ ਖਿਲਾਫ ਪੰਜਾਬ ਅਤੇ ਹਰਿਆਣਾ ਦੇ ਵੱਖ-ਵੱਖ ਜਿਲਿਆ 'ਚ ਪਹਿਲਾਂ ਹੀ 37 ਦੇ ਕਰੀਬ ਮਾਮਲੇ ਦਰਜ਼ ਹਨ। ਆਈ.ਜੀ. ਨੇ ਦੱਸਿਆ ਕਿ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਅਤੇ ਇਨ੍ਹਾਂ ਕੋਲੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।