ਬਟਾਲਾ: ਗੁਰਦਾਸਪੁਰ ਦੇ ਬਟਾਲਾ ਵਿੱਚ ਇੱਕ ਪਟਾਕਾ ਫ਼ੈਕਟਰੀ ਚ ਹੋਏ ਧਮਾਕੇ 'ਚ ਹੁਣ ਤੱਕ 23 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਲੋਕ ਜ਼ਖ਼ਮੀ ਹੋਏ ਹਨ। ਜ਼ਖ਼ਮੀ ਲੋਕਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਐਨਡੀਆਰਐਫ਼ ਦੀ ਟੀਮ ਵੱਲੋਂ ਹਾਦਸੇ ਵਾਲੀ ਥਾਂ 'ਤੇ ਬਚਾਅ ਤੇ ਰਾਹਤ ਕਾਰਜ ਜਾਰੀ ਹਨ।
ਘਟਨਾ ਸਥਾਨ 'ਤੇ ਪਹੁੰਚੀ ਫੌਰੈਂਸਿਕ ਟੀਮ
ਧਮਾਕਾ ਇੰਨਾ ਜ਼ਬਰਦਸਤ ਸੀ ਕਿ ਫ਼ੈਕਟਰੀ 'ਚ ਕੰਮ ਰਹੇ ਕਈ ਮਜ਼ਦੂਰ ਧਮਾਕੇ ਕਾਰਨ ਜ਼ਿੰਦਾ ਸੜ ਗਏ ਜਦਕਿ ਕਈ ਲੋਕ ਹਾਦਸੇ ਦੌਰਾਨ ਡਿੱਗੀ ਫੈਕਟਰੀ ਦੀ ਇਮਾਰਤ ਦੀਆਂ ਕੰਧਾਂ ਦੇ ਮਲਬੇ ਹੇਠ ਦੱਬ ਗਏ। ਹਰ ਪਾਸੇ ਲਾਸ਼ਾਂ ਬਿਖਰ ਗਈਆਂ ਸਨ। ਉੱਥੇ ਹੀ ਫੌਰੈਂਸਿਕ ਦੀ ਟੀਮ ਜਾਂਚ ਲਈ ਘਟਨਾ ਵਾਲੇ ਸਥਾਨ 'ਤੇ ਪਹੁੰਚੀ ਹੈ।
ਹਾਦਸੇ ਵਾਲੀ ਥਾਂ 'ਤੇ ਜਾਣਗੇ ਕੈਪਟਨ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਇਸ ਹਾਦਸੇ ਦੀ ਮੈਜਿਸਟ੍ਰੇਟ ਜਾਂਚ ਕਰਨ ਦੇ ਹੁਕਮ ਦੇ ਦਿੱਤੇ ਹਨ। ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਸ਼ੁਕਰਵਾਰ ਨੂੰ ਘਟਨਾ ਵਾਲੀ ਥਾਂ ਦਾ ਦੌਰਾ ਕਰਨਗੇ।
ਮਾਰੇ ਗਏ ਲੋਕਾਂ ਦੀ ਲਿਸਟ ਜਾਰੀ
ਪਟਾਕਾ ਫ਼ੈਕਟਰੀ ਚ ਹੋਏ ਧਮਾਕੇ 'ਚ ਮਾਰੇ ਗਏ ਲੋਕਾਂ ਦੀ ਲਿਸਟ ਜਾਰੀ ਕਰ ਦਿੱਤੀ ਗਈ ਹੈ। ਉੱਥੇ ਹੀ ਲੋਕ ਆਪਣਿਆਂ ਦੀ ਭਾਲ ਦੇ ਵਿੱਚ ਧਮਾਕੇ ਵਾਲੀ ਜਗ੍ਹਾਂ 'ਤੇ ਪਹੁੰਚੇ ਹੋਏ ਹਨ।
ਪੰਜਾਬ ਸਰਕਾਰ ਨੇ ਕੀਤਾ ਮੁਆਵਜ਼ੇ ਦਾ ਐਲਾਨ
ਪੰਜਾਬ ਸਰਕਾਰ ਵੱਲੋਂ ਫੈਕਟਰੀ ਧਮਾਕੇ ਦੇ ਮ੍ਰਿਤਕਾਂ ਦੇ ਪਰਿਵਾਰਾਂ ਅਤੇ ਪੀੜਤਾਂ ਲਈ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ ਹੈ। ਜਾਨ ਗੁਆਉਣ ਵਾਲੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਮੁਆਵਜ਼ੇ ਵਜੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ਹਾਦਸੇ ਚ ਗੰਭੀਰ ਜ਼ਖਮੀ ਹੋਈ ਪੀੜਤਾਂ ਨੂੰ 50-50 ਹਜ਼ਾਰ ਰੁਪਏ ਦਾ ਮੁਆਵਜ਼ਾ ਦੇਣ ਦੀ ਗੱਲ ਕਹੀ ਗਈ ਹੈ ਜਦਕਿ ਮਾਮੂਲੀ ਤੌਰ ਤੇ ਜ਼ਖ਼ਮੀ ਹੋਏ ਪੀੜਤਾਂ ਨੂੰ 25-25 ਹਜ਼ਾਰ ਰੁਪਏ ਮੁਆਵਜ਼ੇ ਵਜੋਂ ਦੇਣ ਦਾ ਐਲਾਨ ਕੀਤਾ ਗਿਆ ਹੈ।
ਸੰਨੀ ਦਿਓਲ ਨੇ ਪ੍ਰਗਟਾਇਆ ਦੁੱਖ
ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸੰਨੀ ਦਿਓਲ ਨੇ ਵੀ ਬਟਾਲਾ ਵਿਖੇ ਪਟਾਖਾ ਫੈਕਟਰੀ 'ਚ ਹੋਏ ਧਮਾਕੇ 'ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਐਨ.ਡੀ.ਆਰ.ਐੱਫ ਤੇ ਸਥਾਨਕ ਪ੍ਰਸ਼ਾਸਨ ਵੱਲੋਂ ਰਾਹਤ ਤੇ ਬਚਾਅ ਕਾਰਜ ਜਾਰੀ ਹਨ।
ਇਸ ਮਾਮਲੇ 'ਤੇ ਪੰਜਾਬ ਕੈਬਨਿਟ ਮੰਤਰੀ ਗੁਰਪ੍ਰੀਤ ਕਾਂਗੜ ਨੇ ਮੀਡੀਆ ਨਾਲ ਗੱਲ ਕਰਦਿਆਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜਿਹੜੀਆਂ ਗੈਰ-ਕਾਨੂੰਨੀ ਫੈਕਟਰੀਆਂ ਚੱਲ ਰਹੀਆਂ ਹਨ, ਉਨ੍ਹਾਂ ਖਿਲਾਫ਼ ਕਦਮ ਚੁੱਕੇ ਜਾਣਗੇ।