ਗੁਰਦਾਸਪੁਰ: ਸਿੱਖਿਆ ਵਿਭਾਗ ਵੱਲੋਂ ਪੰਜਾਬ ਬੋਰਡ ਦੇ ਨਵੇਂ ਸੈਸ਼ਨ ਦੀਆਂ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਸਕੂਲਾਂ ਵਿੱਚ ਭੇਜਿਆ ਗਿਆ। ਇਹ ਕਿਤਾਬਾਂ ਮੁੱਖ ਬਲਾਕ ਗੁਰਦਾਸਪੁਰ ਅਧੀਨ ਆਉਂਦੇ ਕੁੱਲ 19 ਬਲਾਕਾਂ ਦੇ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲਾਂ ਵਿਖੇ ਭੇਜੀਆਂ ਜਾ ਰਹੀਆਂ ਹਨ।
ਪ੍ਰੈਸ ਤੋਂ ਆਉਣ ਵਾਲੀਆਂ ਕਿਤਾਬਾਂ ਨੂੰ ਸੈਨੇਟਾਈਜ਼ ਵੀ ਕੀਤਾ ਗਿਆ ਹੈ। ਇਨ੍ਹਾਂ ਕਿਤਾਬਾਂ 'ਤੇ ਪ੍ਰੈਸ ਤੋਂ ਆਉਣ ਸਾਰ ਹੀ ਕੀਟਾਣੂ ਨਾਸ਼ਕ ਦਵਾਈ ਦਾ ਛਿੜਕਾਅ ਕੀਤਾ ਗਿਆ ਤੇ ਕਿਤਾਬਾਂ ਬਲਾਕਾਂ ਲਈ ਰਵਾਨਾ ਕਰਨ ਤੋਂ ਪਹਿਲਾਂ ਬਕਾਇਦਾ ਤੌਰ 'ਤੇ ਭੇਜੇ ਜਾਣ ਵਾਲੇ ਵਾਹਨਾਂ ਨੂੰ ਵੀ ਸੈਨੇਟਾਈਜ਼ ਕੀਤਾ ਗਿਆ।
ਜਾਣਕਾਰੀ ਦਿੰਦਿਆਂ ਸਿੱਖਿਆ ਵਿਭਾਗ ਪੰਜਾਬ ਦੇ ਜ਼ਿਲ੍ਹਾ ਮੈਨੇਜਰ ਨੇ ਦੱਸਿਆ ਕਿ ਨਵੇਂ ਸੈਸ਼ਨ ਸਬੰਧੀ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਮੁਫ਼ਤ ਦਿੱਤੀਆਂ ਜਾਣ ਵਾਲੀਆਂ ਕਿਤਾਬਾਂ ਨੂੰ ਗੁਰਦਾਸਪੁਰ ਅਧੀਨ ਆਉਂਦੇ ਕੁੱਲ 19 ਬਲਾਕਾਂ ਵਿਖੇ ਭੇਜਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਹੁਣ ਤੱਕ ਤਕਰੀਬਨ 2 ਲੱਖ ਕਿਤਾਬਾਂ ਵੱਖ ਵੱਖ ਬਲਾਕਾਂ ਵਿਖੇ ਭੇਜੀਆਂ ਜਾ ਚੁੱਕੀਆਂ ਹਨ ਤੇ 9 ਲੱਖ ਦੇ ਕਰੀਬ ਹੋਰ ਭੇਜੇ ਜਾਣ ਦੀ ਉਮੀਦ ਹੈ। ਉਨ੍ਹਾਂ ਦੱਸਿਆ ਕਿ ਡੀਪੂ ਦੇ ਕਰਮਚਾਰੀਆਂ ਵੱਲੋਂ ਆਪਸੀ ਦੂਰੀ ਦਾ ਖਿਆਲ ਰੱਖਦੇ ਹੋਏ ਨਾ ਸਿਰਫ ਕਿਤਾਬਾਂ ਨੂੰ ਸੈਨੇਟਾਈਜ਼ ਕੀਤਾ ਜਾ ਰਿਹਾ ਹੈ, ਬਲਕਿ ਵੱਖ-ਵੱਖ ਬਲਾਕਾਂ ਵਿਖੇ ਭੇਜੇ ਜਾਣ ਵਾਲੇ ਵਹੀਕਲ ਅਤੇ ਡਰਾਈਵਰ ਨੂੰ ਵੀ ਰੋਗਾਣੂ ਮੁਕਤ ਕੀਤਾ ਜਾ ਰਿਹਾ ਹੈ।