ਗੁਰਦਾਸਪੁਰ: ਚੰਗੇ ਭਵਿੱਖ ਦੀ ਭਾਲ 'ਚ ਨੌਜਵਾਨ ਵਿਦੇਸ਼ ਜਾਂਦੇ ਹਨ, ਪਰ ਉਥੇ ਜਾ ਕੇ ਕਿਸੇ ਅਣਹੋਣੀ ਦਾ ਸ਼ਿਕਾਰ ਹੋ ਜਾਂਦੇ ਹਨ। ਅਜਿਹਾ ਹੀ ਕੁਝ ਹੋਇਆ ਗੁਰਦਾਸਪੁਰ ਦੇ ਮੁਹੱਲਾ ਇਸਲਾਮਾਬਾਦ ਦੇ ਨੌਜਵਾਨ ਰਹਿਤ ਮਹਿਰਾ ਨਾਲ, ਜੋ ਕੈਨੇਡਾ ਗਿਆ ਤਾਂ ਆਪਣੇ ਚੰਗੇ ਭਵਿੱਖ ਲਈ ਸੀ ਪਰ ਉਥੇ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ। ਜਿਸ ਦੀ 16 ਦਿਨ ਬਾਅਦ ਮ੍ਰਿਤਕ ਦੇਹ ਪਿੰਡ ਪੁੱਜਣ 'ਤੇ ਮਾਹੌਲ ਗਮਗੀਨ ਹੋ ਗਿਆ ਤੇ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ।
21 ਦਿਨ ਪਹਿਲਾਂ ਗਿਆ ਸੀ ਕੈਨੇਡਾ: ਦੱਸਿਆ ਜਾ ਰਿਹਾ ਰਜਤ ਮਹਿਰਾ 26 ਜੂਨ ਨੂੰ ਸਟੱਡੀ ਵੀਜ਼ਾ ਲੈ ਕੇ ਐਮਬੀਏ ਦੀ ਪੜਾਈ ਲਈ ਕੈਨੇਡਾ ਗਿਆ ਸੀ ਪਰ ਉਥੇ 20 ਜੁਲਾਈ ਨੂੰ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨੂੰ ਕੈਨੇਡਾ ਗਏ ਹਾਲੇ ਸਿਰਫ਼ 21 ਦਿਨ ਹੀ ਹੋਏ ਸੀ ਕਿ ਪਰਿਵਾਰ 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਤੇ ਹੁਣ ਮ੍ਰਿਤਕ ਦਾ ਗੁਰਦਾਸਪੁਰ 'ਚ ਅੰਤਿਮ ਸਸਕਾਰ ਕੀਤਾ ਗਿਆ।।
ਸੌਣ ਗਿਆ ਮੁੜ ਨਹੀਂ ਉੱਠਿਆ: ਮ੍ਰਿਤਕ ਦੇ ਪਿਤਾ ਅਸਵਨੀ ਮਹਿਰਾ ਤੇ ਰਿਸ਼ਤੇਦਾਰਾਂ ਨੇ ਦੱਸਿਆ ਬੇਟਾ 26 ਜੂਨ ਨੂੰ ਹੀ ਕਨੇਡਾ ਦੇ ਵੈਨਕੂਵਰ ਵਿੱਚ ਪੜ੍ਹਾਈ ਕਰਨ ਦੇ ਲਈ ਗਿਆ ਸੀ। ਉਹ ਆਪਣੇ ਇੱਕ ਦੋਸਤ ਦੇ ਨਾਲ ਕਮਰੇ ਦੇ ਵਿੱਚ ਰਹਿੰਦਾ ਸੀ ਤੇ ਰੋਜ਼ਾਨਾ ਦੀ ਤਰ੍ਹਾਂ ਉਹ ਆਪਣਾ ਕੰਮ ਖ਼ਤਮ ਕਰਕੇ ਰਾਤ ਨੂੰ ਸੌਂ ਗਿਆ ਪਰ 20 ਜੁਲਾਈ ਦੀ ਸਵੇਰ ਨੂੰ ਉਹ ਮੁੜ ਕੇ ਉੱਠ ਨਹੀਂ ਸਕਿਆ। ਪਰਿਵਾਰ ਦਾ ਕਹਿਣਾ ਕਿ ਦਿਲ ਦਾ ਦੌਰਾ ਪੈਣ ਕਾਰਨ ਉਸ ਦੀ ਮੌਤ ਹੋ ਗਈ।
ਪੰਜਾਬ ਸਰਕਾਰ ਨੇ ਨਹੀਂ ਕੀਤੀ ਮਦਦ: ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਪੁੱਤ ਦੇ ਮੌਤ ਦੀ ਖ਼ਬਰ ਸੁਣਦੇ ਹੀ ਉਨ੍ਹਾਂ ਅੰਬੈਸੀ ਨਾਲ ਸੰਪਰਕ ਕੀਤਾ ਤੇ ਗੁਰਦਾਸਪੁਰ ਦੇ ਸਾਂਸਦ ਸੰਨੀ ਦਿਓਲ ਦੇ ਓਐਸਡੀ ਵਲੋਂ ਉਨ੍ਹਾਂ ਦੇ ਪੁੱਤ ਦੀ ਦੇਹ ਪੰਜਾਬ ਲਿਆਉਣ 'ਚ ਮਦਦ ਕੀਤੀ। ਜਿਸ ਕਾਰਨ ਉਹ ਮ੍ਰਿਤਕ ਪੁੱਤ ਦੀਆਂ ਅੰਤਿਮ ਰਸਮਾਂ ਕਰ ਸਕੇ ਹਨ। ਉਨ੍ਹਾਂ ਨਾਲ ਹੀ ਕਿਹਾ ਕਿ ਪੰਜਾਬ ਦੀ ਸਰਕਾਰ ਵਲੋਂ ਉਨ੍ਹਾਂ ਦੀ ਕਿਸੇ ਤਰਾਂ ਦੀ ਕੋਈ ਮਦਦ ਨਹੀਂ ਕੀਤੀ। ਇਸ ਦੌਰਾਨ ਪਰਿਵਾਰ ਨਾਲ ਦੁੱਖ ਵੰਡਾਉਣ ਵੱਡੀ ਗਿਣਤੀ 'ਚ ਇਲਾਕੇ ਦੇ ਲੋਕ ਪੁੱਜੇ।