ਬਟਾਲਾ/ ਗੁਰਦਾਸਪੁਰ: ਇਕ ਵਾਰ ਫਿਰ ਪੰਜਾਬ ਦਾ ਹੋਰ ਪੁਲਿਸ ਮੁਲਾਜ਼ਮ ਨਸ਼ੇ 'ਚ ਝੂਮਦਾ ਹੋਇਆ ਨਜ਼ਰ ਆਇਆ ਹੈ ਅਤੇ ਪੰਜਾਬ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ। ਉਸ ਦਾ ਕਸੂਰ ਇੱਕਲਾ ਵਰਦੀ ਪਾਏ ਹੋਏ ਸ਼ਰਾਬ ਪੀ ਕੇ ਹੰਗਾਮਾ ਕਰਨਾ ਨਹੀਂ, ਸਗੋਂ ਉਸ ਨੇ ਨਸ਼ੇ ਦੀ ਹਾਲਤ ਵਿੱਚ ਆਪਣੀ ਗੱਡੀ ਟਰੈਕਟਰ ਟਰਾਲੀ 'ਚ ਵੀ ਠੋਕ ਦੇਣਾ ਹੈ ਅਤੇ ਅਗਿਓ ਲੋਕਾਂ ਨੂੰ ਹੀ ਧਮਕਾਉਣਾ ਹੈ। ਮਾਮਲਾ ਬਟਾਲਾ ਦੇ ਜੀਟੀ ਰੋਡ ਤੋਂ ਹੈ, ਜਿੱਥੇ ਉਸ ਵੇਲ੍ਹੇ ਹੰਗਾਮਾ ਹੋ ਗਿਆ, ਜਦੋਂ ਆਪਣੀ ਗੱਡੀ ਵਿੱਚ ਆ ਰਹੇ ਪੁਲਿਸ ਮੁਲਾਜ਼ਮ ਦੀ ਗੱਡੀ ਬੇਕਾਬੂ ਹੋ ਕੇ ਪਹਿਲਾਂ ਟਰੈਕਟਰ ਟਰਾਲੀ ਨਾਲ ਟਕਰਾਈ ਅਤੇ ਮੁੜ ਸੜਕ ਦੇ ਵਿਚਕਾਰ ਬਣੇ ਡਿਵਾਈਡਰ ਨਾ ਜਾ ਵੱਜੀ।
ਮੁਲਾਜ਼ਮ ਦੀ ਗੱਡੀ 'ਚ ਪਈ ਸੀ ਸ਼ਰਾਬ ਦੀ ਬੋਤਲ: ਹਾਦਸੇ ਵਿੱਚ ਟਰੈਕਟਰ ਸਵਾਰ ਨੌਜਵਾਨ ਹੇਠਾਂ ਡਿਗ ਗਿਆ ਅਤੇ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਫਿਰ ਹੰਗਾਮਾ ਉਦੋਂ ਸ਼ੁਰੂ ਹੋਇਆ, ਜਦ ਗੱਡੀ ਚਾਲਕ ਪੁਲਿਸ ਮੁਲਾਜ਼ਮ ਨੂੰ ਸਥਾਨਿਕ ਲੋਕਾਂ ਨੇ ਰੋਕਿਆ, ਤਾਂ ਉਹ ਪੁਲਿਸ ਮੁਲਾਜ਼ਮ ਨਸ਼ੇ ਵਿੱਚ ਧੁੱਤ ਸੀ ਅਤੇ ਉਹ ਆਪਣਾ ਸਰਕਾਰੀ ਅਸਲਾ ਵੀ ਗੱਡੀ ਵਿੱਚ ਛੱਡ ਕੇ ਸੜਕ ਉੱਤੇ ਆ ਕੇ ਹੰਗਾਮਾ ਕਰਨ ਲੱਗ ਪਿਆ। ਗੱਡੀ ਚਾਲਕ ਪੁਲਿਸ ਮੁਲਾਜ਼ਮ ਦੀ ਗੱਡੀ ਚੋਂ ਸ਼ਰਾਬ ਦੀ ਬੋਤਲ ਪਈ ਵੀ ਦੇਖੀ ਗਈ ਹੈ।
ਮੈਂ ਸ਼ਰਾਬ ਪੀਂਦਾ ਹੀਂ ਨਹੀਂ : ਪੁਲਿਸ ਮੁਲਾਜ਼ਮ ਨੇ ਆਪਣਾ ਨਾਮ ਸਵਰਾਜ ਸਿੰਘ ਦੱਸਿਆ। ਸ਼ਰਾਬ ਦੇ ਨਸ਼ੇ ਕਾਰਨ ਚੰਗੀ ਤਰ੍ਹਾਂ ਬੋਲਣ 'ਚ ਅਸਮਰਥ ਪੁਲਿਸ ਮੁਲਾਜ਼ਮ ਨੂੰ ਹਾਲਾਂਕਿ ਸਥਾਨਕ ਲੋਕਾਂ ਨੇ ਰੰਗੇ ਹੱਥੀ ਫੜ੍ਹਿਆ ਹੈ ਜਿਸ ਦੀ ਵੀਡੀਓ ਵੀ ਸਾਹਮਣੇ ਆਈ ਹੈ। ਫਿਰ ਵੀ ਮੁਲਾਜ਼ਮ ਇਹ ਕਹਿੰਦਾ ਵਿਖਾਈ ਦੇ ਰਿਹਾ ਹੈ ਕਿ, "ਮੈਂ ਕਿਉਂ ਮੰਨਾ ਸ਼ਰਾਬ ਪੀਤੀ, ਮੈਂ ਤਾਂ ਸ਼ਰਾਬ ਪੀਂਦਾ ਹੀ ਨਹੀਂ। ਤੁਸੀਂ ਕਰਲੋ ਜੋ ਕਰਨਾ, ਗੱਡੀ ਦਾ ਨੰਬਰ ਨੋਟ। ਮੈਂ ਚਾਹੁੰਦਾ ਤਾਂ ਗੱਡੀ ਭਜਾ ਲੈਂਦਾ, ਪਰ ਅਸੀਂ ਲੋਕਾਂ ਦੀ ਰਾਖੀ ਲਈ ਹਾਂ। ਮੈਂ ਇੱਥੇ ਖੜਾ।"
ਜਖਮੀ ਨੌਜਵਾਨ ਦੀ ਟੁੱਟੀ ਲੱਤ: ਜਖਮੀ ਨੌਜਵਾਨਾਂ ਹਰਜਿੰਦਰ ਸਿੰਘ ਤੇ ਬਲਬੀਰ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ ਟਰਾਲੀ ਉੱਤੇ ਆਪਣੀ ਸਾਈਡ 'ਤੇ ਆ ਰਿਹਾ ਸੀ। ਪਿੱਛੋਂ ਪੁਲਿਸ ਮੁਲਾਜ਼ਮ ਦੀ ਗੱਡੀ ਨੇ ਆ ਕੇ ਟੱਕਰ ਮਾਰ ਦਿੱਤੀ ਅਤੇ ਉਹ ਥੱਲੇ ਡਿੱਗ ਗਿਆ। ਉਸ ਦੇ ਕਾਫੀ ਸੱਟਾਂ ਲੱਗੀਆਂ ਹਨ। ਹਰਜਿੰਦਰ ਸਿੰਘ ਨੇ ਕਿਹਾ ਮੁਲਾਜ਼ਮ ਆਪਣੀ ਗ਼ਲਤੀ ਮੰਨਣ ਦੀ ਬਜਾਏ ਉਲਟਾ ਮੈਨੂੰ ਅਤੇ ਸਾਰਿਆਂ ਨੂੰ ਉੱਡ ਕੇ ਪੈ ਰਿਹਾ ਹੈ ਤੇ ਕਹਿ ਰਿਹਾ ਹੈ ਕਿ ਤੁਸੀ ਮੇਰੇ ਤੋਂ ਮੁਆਫੀਆਂ ਮੰਗੋਗੇ।
ਜਖਮੀ ਨੌਜਵਾਨਾਂ ਨੇ ਮੰਗ ਕੀਤੀ ਕਿ ਉਸ ਨੂੰ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਹੋਰ ਕੁਝ ਨਹੀਂ ਚਾਹੀਦਾ, ਬਸ ਮੇਰਾ ਇਲਾਜ ਕਰ ਦੇਣ। ਸਥਾਨਕ ਲੋਕਾਂ ਵੱਲੋਂ ਇੱਕਠੇ ਹੋ ਕੇ ਜਖਮੀ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਦੱਸਿਆ ਜਾ ਰਿਹਾ ਹੈ ਕਿ ਸਥਾਨਕ ਲੋਕਾਂ ਵੱਲੋਂ ਇਸ ਸਾਰੇ ਹਾਦਸੇ ਦੀ ਸੂਚਨਾ ਪੁਲਿਸ ਥਾਣੇ ਵਿੱਚ ਦਿੱਤੀ ਗਈ। ਇਸ ਤੋਂ ਬਾਅਦ ਪੁਲਿਸ ਆ ਕੇ ਨਸ਼ੇ ਵਿੱਚ ਧੁੱਤ ਮੁਲਾਜ਼ਮ ਨੂੰ ਆਪਣੇ ਨਾਲ ਲੈ ਗਈ।