ਗੁਰਦਾਸਪੁਰ: ਫ਼ੌਜੀ ਦੇਸ਼ ਅਤੇ ਫ਼ੌਜ ਦਾ ਮਹੱਤਵਪੂਰਨ ਅੰਗ ਹੁੰਦਾ ਹੈ। ਫ਼ੌਜੀ ਬਿਨਾਂ ਫ਼ੌਜ ਦਾ ਕੋਈ ਵਜੂਦ ਨਹੀਂ ਹੈ, ਨਾ ਹੀ ਦੇਸ਼ ਦੇ ਵਾਸੀਆਂ ਦੀ ਸੁਰੱਖਿਆ ਹੋ ਸਕਦੀ ਹੈ। ਫ਼ੌਜੀ ਦਾ ਸਰੀਰਿਕ ਅਤੇ ਮਾਨਸਿਕ ਪੱਖੋਂ ਤੰਦਰੁਸਤ ਹੋਣਾ ਅਤਿ ਜ਼ਰੂਰੀ ਹੈ।
ਗੁਰਦਾਸਪੁਰ ਦੇ ਕਸਬਾ ਦੀਨਾਨਗਰ ਦੇ ਅਧੀਨ ਪੈਂਦੇ ਪਿੰਡ ਭੋਲੇ ਦਾ ਰਹਿਣ ਵਾਲੇ 23 ਸਾਲਾਂ ਫ਼ੌਜੀ ਜਵਾਨ ਜੋਗੇਸ਼ਵਰ ਦੀ ਮੌਤ ਹੋ ਗਈ ਹੈ।
ਜਵਾਨ ਦੀ ਦੇਹ ਲੈ ਕੇ ਉਸ ਦੇ ਜੱਦੀ ਪਿੰਡ ਪਹੁੰਚੇ ਨਾਇਕ ਮੱਖਣ ਸਿੰਘ ਨੇ ਦੱਸਿਆ ਕਿ ਜੋਗੇਸ਼ਵਰ 3 ਸਾਲ ਪਹਿਲਾਂ ਫ਼ੌਜ ਵਿੱਚ ਭਰਤੀ ਹੋਇਆ ਸੀ ਅਤੇ ਜਬਲਪੁਰ ਦੀ ਸੀਓਡੀ ਯੂਨਿਟ ਵਿਖੇ ਡਿਊਟੀ ਉੱਤੇ ਤਾਇਨਾਤ ਸੀ।
ਤੁਹਾਨੂੰ ਦੱਸ ਦਈਏ ਕਿ ਜਵਾਨ ਦੀ ਮੌਤ ਦੀ ਖ਼ਬਰ ਸੁਣ ਕੇ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਗਈ। ਜਵਾਨ ਦਾ ਉਸ ਦੇ ਜੱਦੀ ਪਿੰਡ ਵਿਖੇ ਸਰਕਾਰੀ ਸਨਮਾਨਾਂ ਨਾਲ ਸਸਕਾਰ ਕੀਤਾ ਗਿਆ।
ਜੋਗੇਸ਼ਵਰ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦੇ ਬੇਟਾ ਇਕਲੌਤਾ ਪੁੱਤਰ ਸੀ, ਜੋ ਕਿ ਫ਼ੌਜ ਵਿੱਚ ਡਿਊਟੀ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕੁੱਝ ਦਿਨ ਪਹਿਲਾਂ ਮੈਨੂੰ ਫ਼ੋਨ ਆਇਆ ਤੁਹਾਡੇ ਬੇਟੇ ਦੀ ਤਬੀਅਤ ਕਾਫ਼ੀ ਵਿਗੜ ਗਈ ਹੈ ਅਤੇ ਆਈ.ਸੀ.ਯੂ ਵਿੱਚ ਭਰਤੀ ਕੀਤਾ ਗਿਆ ਹੈ।
ਪਿਤਾ ਨੇ ਦੱਸਿਆ ਕਿ ਉਸ ਨੂੰ ਫ਼ੇਫੜਿਆਂ ਦੀ ਬੀਮਾਰੀ ਸੀ ਜਿਸ ਕਰ ਕੇ ਉਸ ਦੀ ਮੌਤ ਹੋ ਗਈ ਹੈ।
ਜੋਗੇਸ਼ਵਰ ਦੇ ਪਰਿਵਾਰ ਨੇ ਮੰਗ ਕੀਤੀ ਹੈ ਕਿ ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਸੀ ਜੋ ਡਿਊਟੀ ਦੌਰਾਨ ਇਸ ਦੁਨੀਆਂ ਨੂੰ ਅਲਵਿਦਾ ਕਹਿ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਉਸ ਦੀ ਨੌਕਰੀ ਉਨ੍ਹਾਂ ਦੀ ਬੇਟੀ ਨੂੰ ਦਿੱਤੀ ਜਾਵੇ ਤਾਂ ਕਿ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।