ਗੁਰਦਾਸਪੁਰ: ਪੰਜਾਬ ਪੁਲਿਸ ਵੱਲੋਂ ਨਸ਼ਾ ਤਸਕਰਾਂ ਖ਼ਿਲਾਫ਼ ਚਲਾਈ ਮੁਹਿੰਮ ਤਹਿਤ ਪੰਜਾਬ ਪੁਲਿਸ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਰਹੀ ਹੈ। ਤਾਜ਼ਾ ਮਾਮਲਾ ਜ਼ਿਲ੍ਹੇ ਦੇ ਪਿੰਡ ਖੋਖਰ ਤੋਂ ਸਾਹਮਣੇ ਆਇਆ ਹੈ। ਜਿੱਥੇ ਪੁਲਿਸ ਨੇ ਪਿੰਡ ਨੂੰ ਛਾਉਣੀ ਵਿੱਚ ਤਬਦੀਲ ਕਰ 2 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹਾਲਾਂਕਿ ਇਹ ਨਸ਼ਾ ਤਸਕਰ ਪੁਲਿਸ ਤੋਂ ਬਚਣ ਲਈ ਗੰਨੇ ਦੇ ਖੇਤ ਵਿੱਚ ਲੁਕ ਗਏ ਸਨ, ਪਰ ਪੁਲਿਸ ਵੱਲੋਂ ਇਨ੍ਹਾਂ ਮੁਲਜ਼ਮਾਂ ਨੂੰ ਗੰਨੇ ਦੇ ਖੇਤ ਵਿੱਚ ਹੀ ਘੇਰਾ ਪਾ ਕੇ ਗ੍ਰਿਫ਼ਤਾਰ ਕੀਤਾ ਗਿਆ ਹੈ।
ਜਾਣਕਾਰੀ ਮੁਤਾਬਿਕ ਪੁਲਿਸ ਵੱਲੋਂ ਨਾਕੇਬੰਦੀ ਕਰ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ। ਪੁਲਿਸ ਦੇ ਨਾਕੇ ਨੂੰ ਵੇਖ ਕੇ ਦੋਵੇਂ ਮੁਲਜ਼ਮ ਆਪਣੀ ਕਾਰ ਨੂੰ ਛੱਡ ਕੇ ਉਦੋਂ ਫਰਾਰ ਹੋ ਗਏ। ਜਿਸ ਤੋਂ ਬਾਅਦ ਪੁਲਿਸ ਨੇ ਇਨ੍ਹਾਂ ਦਾ ਪਿਛਲਾ ਕਰਨਾ ਸ਼ੁਰੂ ਕਰ ਦਿੱਤਾ, ਤੇ ਗੰਨੇ ਦੇ ਖੇਤ ਵਿੱਚੋਂ ਇਨ੍ਹਾਂ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਪੁਲਿਸ ਨੇ ਇਨ੍ਹਾਂ ਨਸ਼ਾ ਤਸਕਰਾਂ ਤੋਂ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ. ਸਿਟੀ ਸੁਖਪਾਲ ਸਿੰਘ ਨੇ ਦੱਸਿਆ, ਕਿ ਪੁਲਿਸ ਪਾਰਟੀ ਵੱਲੋਂ ਵਾਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਸੀ, ਇਸ ਦੌਰਾਨ ਕਲਾਨੌਰ ਤੋਂ ਗੁਰਦਾਸਪੁਰ ਆ ਰਹੀ, ਇੱਕ ਚਿੱਟੇ ਰੰਗ ਦੀ i-20 ਕਾਰ ਨੂੰ ਰੁਕਣ ਦਾ ਇਸ਼ਾਰਾ ਕੀਤਾ, ਤਾਂ ਦੋਵੇਂ ਨੌਜਵਾਨ ਕਾਰ ਛੱਡ ਕੇ ਉਦੋਂ ਫਰਾਰ ਹੋ ਗਏ ਸਨ, ਹਾਲਾਂਕਿ ਪੁਲਿਸ ਨੇ ਉਨ੍ਹਾਂ ਨੂੰ ਬਾਅਦ ਵਿੱਚ ਕਾਬੂ ਕਰ ਲਿਆ ਹੈ।
ਪੁਲਿਸ ਦਾ ਕਹਿਣਾ ਹੈ, ਕਿ ਮੁਲਜ਼ਮਾਂ ਦਾ ਰਿਮਾਂਡ ਲੈ ਕੇ ਉਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁਲਿਸ ਨੂੰ ਮੁਲਜ਼ਮਾਂ ਤੋਂ ਰਿਮਾਂਡ ਦੌਰਾਨ ਕਈ ਅਹਿਮ ਖੁਲਾਸੇ ਹੋਣ ਦੀ ਉਮੀਦ ਹੈ