ਅੰਮ੍ਰਿਤਸਰ: ਥਾਣਾ ਭਿੰਡੀ ਸੈਦਾਂ ਦੀ ਪੁਲਿਸ ਵੱਲੋਂ 2 ਨਾਜਾਇਜ਼ ਦੇਸੀ ਪਿਸਤੌਲ (illegal weapons ) ’ਤੇ ਜਿੰਦਾ ਕਾਰਤੂਸਾਂ ਸਮੇਤ 2 ਨੌਜਵਾਨ ਕਾਬੂ ਕੀਤੇ ਗਏ ਹਨ। ਪੁਲਿਸ ਅਨੁਸਾਰ ਮੁਲਜ਼ਮ ਮਹਾਂਰਾਸ਼ਟਰ ਤੋਂ ਪਿਸਤੌਲ ਲਿਆ ਕੇ ਪੰਜਾਬ ਵਿੱਚ ਵੇਚਦੇ ਸਨ। ਐਸ.ਐਚ.ਓ ਸੋਹੀ ਨੇ ਦੱਸਿਆ ਕਿ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ 2 ਨੌਜਵਾਨਾਂ ਨੂੰ ਨਾਜਾਇਜ਼ ਦੇਸੀ ਪਿਸਤੌਲ, ਹੈਰੋਇਨ ਅਤੇ ਜਿੰਦਾ ਕਾਰਤੂਸਾਂ ਸਮੇਤ ਕਾਬੂ ਕਰਨ ਵਿਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਬੀਤੇ ਕੱਲ੍ਹ ਪੁਲਿਸ ਪਾਰਟੀ ਵੱਲੋਂ ਮੋਟਰਸਾਇਕਲ ਸਵਾਰ ਇੱਕ ਨੌਜਵਾਨ ਜੁਗਰਾਜ ਸਿੰਘ ਜੱਗੂ ਨੂੰ ਕਾਬੂ ਕਰ ਇੱਕ ਨਾਜਾਇਜ਼ ਦੇਸੀ ਪਿਸਤੌਲ, 9 ਐਮ.ਐਮ ਸਮੇਤ ਮੈਗਜ਼ੀਨ, 3 ਜਿੰਦਾ ਕਾਰਤੂਸ ਅਤੇ 50 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਤੋਂ ਪੁੱਛਗਿੱਛ ਬਾਅਦ ਇੱਕ ਹੋਰ ਨੌਜਵਾਨ ਬਲਜਿੰਦਰ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਪਿੰਡ ਜਸਤਰਵਾਲ ਨੂੰ ਕਾਬੂ ਕਰਕੇ ਉਸ ਕੋਲੋਂ ਵੀ ਇੱਕ ਪਿਸਤੌਲ, 9 ਐਮ.ਐਮ ਅਤੇ 2 ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ।
ਉਹਨਾਂ ਦੱਸਿਆ ਕਿ ਜੁਗਰਾਜ ਸਿੰਘ ਕੋਲੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਹ ਮਹਾਰਾਸ਼ਟਰ ਤੋਂ ਦੇਸੀ ਪਿਸਤੌਲ ਲਿਆ ਕੇ ਇੱਥੇ ਵੇਚਣ ਦਾ ਧੰਦਾ ਕਰਦਾ ਸਨ ਤੇ ਬਲਜਿੰਦਰ ਸਿੰਘ ਨੇ ਵੀ ਉਸ ਕੋਲੋਂ ਹੀ ਪਿਸਤੌਲ ਖ਼ਰੀਦਿਆ ਸੀ।ਫਿਲਹਾਲ ਪੁਲਿਸ ਨੇ ਕਾਬੂ ਕੀਤੇ ਗਏ ਮੁਲਜ਼ਮਾਂ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਜੀ ਜਾਂਚ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜਾਂਚ ਦੇ ਵਿੱਚ ਮੁਲਜ਼ਮਾਂ ਤੋਂ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ।