ਗੁਰਦਾਸਪੁਰ: ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸੰਗਤ ਨੂੰ ਪਾਕਿਸਤਾਨ ਵੱਲੋਂ ਲਗਾਈ ਗਈ ਪਾਸਪੋਰਟ ਦੀ ਸ਼ਰਤ ਵੀ ਨਹੀਂ ਰੋਕ ਸਕੀ ਹੈ। ਲਾਂਘਾ ਖੁੱਲ੍ਹਣ ਦੇ 22ਵੇਂ ਦਿਨ 1504 ਸ਼ਰਧਾਲੂ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ। ਦੱਸਣਯੋਗ ਹੈ ਕਿ ਸ਼ਰਧਾਲੂਆਂ ਦੀ ਇਹ ਹੁਣ ਤਕ ਦੀ ਸਭ ਤੋਂ ਵੱਡੀ ਗਿਣਤੀ ਹੈ।
ਦਰਸ਼ਨ ਕਰਨ ਆਏ ਸ਼ਰਧਾਲੂਆਂ ਦਾ ਕਹਿਣਾ ਹੈ ਕਿ ਜਦੋਂ ਤਕ ਡਾ.ਓਬਰਾਏ ਅਤੇ ਹੋਰ ਜੱਥੇਬੰਦੀਆਂ ਹਨ ਉਦੋਂ ਤਕ ਦਰਸ਼ਨ ਕਰਨ ਦੀ ਇੱਛਾ ਰੱਖਣ ਵਾਲੇ ਸ਼ਰਧਾਲੂਆਂ ਦੇ ਪਾਸਪੋਰਟ ਬਨਾਉਣ 'ਚ ਮਦਦ ਮਿਲੇਗੀ ਅਤੇ ਪਾਕਿਸਤਾਨ ਦੀ ਸ਼ਰਤ ਤੋਂ ਨਹੀਂ ਡਰਿਆ ਜਾਵੇਗਾ।
ਜ਼ਿਕਰਯੋਗ ਹੈ ਕਿ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਾਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਤਾਰਪੁਰ ਲਾਂਘਾ 9 ਨਵੰਬਰ ਨੂੰ ਖੋਲਿਆ ਗਿਆ ਸੀ ਅਤੇ ਪਾਕਿਸਤਾਨ ਵੱਲੋਂ ਇੱਥੇ ਦਰਸ਼ਨ ਕਰਨ ਲਈ ਪਾਸਪੋਰਟ ਸਣੇ 20 ਡਾਲਰ ਫ਼ੀਸ ਵੀ ਲਾਜ਼ਮੀ ਕੀਤੀ ਗਈ ਸੀ। ਪਰ ਸੰਗਤਾਂ ਵੱਲੋਂ ਦਰਸ਼ਨਾਂ ਦੇ ਉਤਸ਼ਾਹ ਨੂੰ ਦੇਖਦਿਆਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਰਧਾਲੂਆਂ ਨੇ ਪਾਕਿਸਤਾਨ ਦੀ ਸ਼ਰਤ ਨੂੰ ਨਜ਼ਰਅੰਦਾਜ਼ ਕਰਦਿਆਂ ਗੁਰੂ ਪਿਆਰ ਨੂੰ ਵਧੇਰੇ ਤਰਜ਼ੀਹ ਦਿੱਤੀ ਜਾ ਰਹੀ ਹੈ।