ਬਟਾਲਾ: ਕੋਰੋਨਾ (Corona) ਮਹਾਂਮਾਰੀ ਨਾਲ ਨਜਿੱਠਣ ਲਈ ਸਰਕਾਰ ਦੇ ਨਾਲ ਕਈ ਸਮਾਜ ਸੇਵੀ ਸੰਸਥਾਵਾਂ ਵੀ ਅੱਗੇ ਆ ਰਹੀਆਂ ਹਨ। ਕੈਨੇੇਡਾ (Canada) ਦੇ ਟੋਰਾਂਟੋ (Toronto) ਸ਼ਹਿਰ ਦੀ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ ਨੇ 5 ਆਕਸੀਜਨ ਕੰਨਸਟਰੇਟਰ ਉੱਤਮ ਸਿੰਘ ਨਿੱਝਰ ਚੈਰੀਟੇਬਲ ਸੁਸਾਇਟੀ, ਬਟਾਲਾ ਨੂੰ ਦਾਨ ਵਜੋਂ ਦਿੱਤੇ ਹਨ। ਆਕਸੀਜਨ ਕੰਨਸਟਰੇਟਰ ਸਪੁਰਦ ਕਰਨ ਮੌਕੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਡਾ. ਸਤਨਾਮ ਸਿੰਘ ਨਿੱਝਰ, ਮੇਅਰ ਸੁਖਦੀਪ ਸਿੰਘ ਤੇਜਾ,ਅਤੇ ਹੋਰ ਮੋਹਤਬਰ ਹਾਜ਼ਰ ਸਨ।
ਡਿਪਟੀ ਕਮਿਸ਼ਨਰ ਗੁਰਦਾਸਪੁਰ ਮੁਹੰਮਦ ਇਸ਼ਫ਼ਾਕ ਨੇ ਆਕਸੀਜਨ ਕੰਨਸਟਰੇਟਰ ਦਾਨ ਕਰਨ ਲਈ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਦਾ ਧੰਨਵਾਦ ਕਰਦਿਆਂ ਕਿਹਾ, ਕਿ ਉਨ੍ਹਾਂ ਦਾ ਇਹ ਦਾਨ ਕੋਵਿਡ ਮਹਾਂਮਾਰੀ ਦੌਰਾਨ ਬੇਹੱਦ ਕਾਰਗਰ ਸਹਾਈ ਹੋਵੇਗਾ। ਉਨ੍ਹਾਂ ਕਿਹਾ, ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੋਰੋਨਾ ਖ਼ਿਲਾਫ਼ ਜੰਗ ਵਿੱਚ ਜਿੱਥੇ ਆਪਣੇ ਵੱਲੋਂ ਪੂਰੀ ਵਾਹ ਲਗਾਈ ਜਾ ਰਹੀ ਹੈ, ਓਥੇ ਸਮਾਜ ਸੇਵੀ ਸੰਸਥਾਵਾਂ ਦੇ ਮਿਲ ਰਹੇ ਸਾਥ ਕਾਰਨ ਅਸੀਂ ਜਰੂਰ ਇਸ ਮਹਾਂਮਾਰੀ ਉਪਰ ਕਾਬੂ ਪਾਉਣ ਵਿੱਚ ਕਾਮਯਾਬ ਹੋਵਾਂਗੇ।
ਉਨ੍ਹਾਂ ਕਿਹਾ, ਕਿ ਜ਼ਿਲ੍ਹਾ ਪ੍ਰਸਾਸਨ ਵੱਲੋਂ ਪਹਿਲਾਂ ਹੀ ਰੈੱਡ ਕਰਾਸ ਸੁਸਾਇਟੀ ਦੇ ਦਫ਼ਤਰ ਵਿਖੇ ਆਕਸੀਜਨ ਬੈਂਕ ਸਥਾਪਤ ਕੀਤਾ ਗਿਆ ਹੈ। ਹੁਣ ਬਟਾਲਾ ਦੇ ਨਿੱਝਰ ਹਸਪਤਾਲ ਵਿਖੇ ਵੀ ਆਕਸੀਜਨ ਬੈਂਕ ਸਥਾਪਤ ਕਰ ਦਿੱਤਾ ਗਿਆ ਹੈ। ਜਿਸ ਕਿਸੇ ਨੂੰ ਆਕਸੀਜਨ ਦੀ ਲੋੜ ਹੋਵੇ ਉਹ ਉਪਰੋਕਤ ਥਾਵਾਂ ’ਤੇ ਸੰਪਰਕ ਕਰ ਸਕਦਾ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ, ਕਿ ਜ਼ਿਲ੍ਹਾ ਗੁਰਦਾਸਪੁਰ ਵਿੱਚ ਆਕਸੀਜਨ ਦੀ ਕੋਈ ਕਮੀਂ ਨਹੀਂ ਹੈ। ਗੁਰਦਾਸਪੁਰ ਅਤੇ ਧਾਰੀਵਾਲ ਵਿਖੇ ਦੋ ਆਕਸੀਜਨ ਪਲਾਂਟ ਸਥਾਪਤ ਕੀਤੇ ਜਾ ਰਹੇ ਹਨ। ਉੱਥੇ ਹੀ ਡਾ. ਸਤਨਾਮ ਸਿੰਘ ਨਿੱਝਰ ਨੇ ਕਿਹਾ, ਕਿ ਪੰਜਾਬ ਆਕਸੀਜਨ ਲੰਗਰ ਸੇਵਾ ਸੁਸਾਇਟੀ, ਟੋਰਾਂਟੋ ਨੇ ਬਟਾਲਾ ਵਿਖੇ 5 ਆਕਸੀਜਨ ਕੰਨਸਟਰੇਟਰ ਦਾਨ ਕਰਕੇ ਬਹੁਤ ਹੀ ਨੇਕ ਕਾਰਜ ਕੀਤਾ ਹੈ।
ਇਹ ਵੀ ਪੜ੍ਹੋ:corona tracker: 24 ਘੰਟਿਆਂ 'ਚ 94,052 ਨਵੇਂ ਮਾਮਲੇ, 6,148 ਮੌਤਾਂ