ਫ਼ਰੀਦਕੋਟ: 2015 ਵਿੱਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਤੋਂ ਬਾਅਦ ਪੈਦਾ ਹੋਏ ਹਲਾਤ ਦੌਰਾਨ ਕੋਟਕਪੂਰਾ ਵਿੱਚ ਸਿੱਖ ਸੰਗਤ ਉਪਰ ਹੋਏ ਪੁਲਿਸ ਤਸ਼ੱਦਦ ਮਾਮਲੇ ਵਿੱਚ ਬੀਤੇ ਕੱਲ੍ਹ ਗਿਫ਼ਤਾਰ ਕੀਤੇ ਆਈਜੀ ਪਰਮਰਾਜ ਉਮਰਾਨੰਗਲ ਨੂੰ ਫ਼ਰੀਦਕੋਟ ਦੇ ਡਿਊਟੀ ਮੈਜਿਸਟਰੇਟ ਜਸਟਿਸ ਏਕਤਾ ਉਪਲ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਮਰਾਨੰਗਲ ਨੂੰ 4 ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ।
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ਦੀ ਜਾਂਚ ਲਈ ਗਠਿਤ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਸਿਫ਼ਾਰਸ਼ 'ਤੇ ਅਜੀਤ ਸਿੰਘ ਨਾਮੀ ਵਿਅਕਤੀ ਦੇ ਬਿਆਨਾ ਦੇ ਆਧਾਰ 'ਤੇ 2018 ਵਿੱਚ ਥਾਣਾ ਸਿਟੀ ਕੋਟਕਪੂਰਾ ਵਿੱਚ ਅਣਪਛਾਤੇ ਪੁਲਿਸ ਮੁਲਾਜ਼ਮਾਂ 'ਤੇ ਮੁੱਕਦਮਾ ਦਰਜ ਕੀਤਾ ਗਿਆ ਸੀ। ਜਾਂਚ ਤੋਂ ਬਾਅਦ ਵਿਸ਼ੇਸ ਜਾਂਚ ਟੀਮ ਨੇ ਆਈਜੀ ਉਮਰਾਨੰਗਲ ਨੂੰ ਗ੍ਰਿਫ਼ਤਾਰ ਕੀਤਾ ਸੀ ਜਿਸ ਤੋਂ ਬਾਅਦ ਉਸ ਨੇ ਫ਼ਰੀਦਕੋਟ ਦੀ ਅਦਾਲਤ ਵਿੱਚ ਪੇਸ਼ ਕਰ ਕੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ ਸੀ ਪਰ ਅਦਾਲਤ ਵਿੱਚ ਬਚਾਅ ਪੱਖ ਵੱਲੋਂ ਪੇਸ਼ ਕੀਤੀਆਂ ਦਲੀਲਾਂ ਬਾਅਦ ਉਮਰਾਨੰਗਲ ਨੂੰ 4 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਗਿਆ।
ਇਸ ਮੌਕੇ ਬਚਾਅ ਪੱਖ ਦੇ ਵਕੀਲ ਨੇ ਦੱਸਿਆ ਕਿ ਸਰਕਾਰ ਉਸ ਨੂੰ ਰਾਜਨੀਤਿਕ ਰੰਜ਼ਸ਼ ਦੇ ਤਹਿਤ ਬਲੀ ਦਾ ਬਕਰਾ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਐਫ਼ਆਈਆਰ ਤਹਿਤ ਪਰਮਰਾਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਉਸ ਵਿੱਚ ਸ਼ਿਕਾਇਤ ਕਰਤਾ ਨੇ ਨਾ ਤਾਂ ਪਰਮਰਾਜ ਉਮਰਾਨੰਗਲ ਦਾ ਨਾਂਅ ਲਿਆ ਹੈ ਤੇ ਨਾ ਹੀ ਮੁਕੱਦਮੇ ਵਿੱਚ ਪਰਮਰਾਜ ਸਿੰਘ ਦਾ ਨਾਂਅ ਹੈ ਜਿਸ ਤੋਂ ਸਾਬਤ ਹੁੰਦਾ ਹੈ ਕਿ ਉਮਰਾਨੰਗਲ ਨੂੰ ਬਲੀ ਦਾ ਬਕਰਾ ਬਣਾਇਆ ਜਾ ਰਿਹਾ ਹੈ।