ਫਿਰੋਜ਼ਪੁਰ: ਜ਼ੀਰਾ ਵਿਧਾਨ ਸਭਾ ਹਲਕੇ ਵਿੱਚ ਬਸਤੀ ਟਿੱਬਾ ਵਾਲੀ ਦੇ ਰਹਿਣ ਵਾਲੇ ਨੌਜਵਾਨ ਦੀ ਚਿੱਟੇ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਨੌਜਵਾਨ ਮਨਜੀਤ ਸਿੰਘ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਉਹ ਪਹਿਲਾਂ ਵੀ ਨਸ਼ਾ ਕਰਦਾ ਸੀ, ਜਿਸ ਬਾਰੇ ਘਰ ਵਾਲਿਆਂ ਨੂੰ ਪਤਾ ਨਹੀਂ ਸੀ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਜ਼ੀਰਾ ਦੇ ਰਹਿਣ ਵਾਲਾ ਸੁੱਚਾ ਸਾਂਹਸੀ ਨਸ਼ਾ ਵੇਚਦਾ ਹੈ।
ਮ੍ਰਿਤਕ ਮਨਜੀਤ ਸਿੰਘ ਦੇ ਪਿਤਾ ਸੁਖਚੈਨ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਜੋ ਪਿਛਲੇ ਲੰਬੇ ਸਮੇਂ ਤੋਂ ਚਿੱਟੇ ਦਾ ਨਸ਼ਾ ਕਰਦਾ ਸੀ, ਪਰ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ। ਉਹ 2 ਦਿਨ ਤੋਂ ਜ਼ਿਆਦਾ ਬਿਮਾਰ ਸੀ ਜਿਸ ਦੇ ਇਲਾਜ ਵਾਸਤੇ ਫਰੀਦਕੋਟ ਮੈਡੀਕਲ ਹਸਪਤਾਲ ਵਿੱਚ ਇਲਾਜ ਵਾਸਤੇ ਲੈ ਕੇ ਜਾਣਾ ਸੀ, ਜਿਸ ਤੋਂ ਪਹਿਲਾਂ ਹੀ ਉਸ ਦੀ ਮੌਤ ਹੋ ਗਈ।
ਇਸ ਮੌਕੇ ਉਸ ਦੀ ਮਾਤਾ ਨੇ ਦੱਸਿਆ ਕਿ ਮੇਰੇ ਪੁੱਤ ਦੀ ਉਮਰ 20 ਸਾਲ ਦੀ ਸੀ, ਜਿਸ ਦੀ ਮੌਤ ਚਿੱਟੇ ਦਾ ਟੀਕਾ ਲਾਉਣ ਕਾਰਨ ਹੋਈ ਹੈ। ਉਸ ਦੀ ਜੇਬ ਵਿਚੋਂ ਦੋ ਸਰਿੰਜਾਂ ਕੱਢੀਆਂ ਗਈਆਂ ਤਾਂ ਸਾਨੂੰ ਪਤਾ ਚੱਲਿਆ ਕੀ ਉਹ ਨਸ਼ਾ ਕਰਦਾ ਸੀ। ਉਨ੍ਹਾਂ ਵੱਲੋਂ ਦੋਸ਼ ਲਗਾਉਂਦਿਆ ਕਿਹਾ ਗਿਆ ਕਿ ਜ਼ੀਰਾ ਦੇ ਰਹਿਣ ਵਾਲੇ ਸੁੱਚਾ ਸਾਂਹਸੀ ਨਸ਼ਾ ਵੇਚਦਾ ਹੈ।
ਮ੍ਰਿਤਕ ਦੀ ਮਾਤਾ ਨੇ ਦੱਸਿਆ ਕਿ ਜਦ ਉਹ ਸਕੂਲ ਵਿੱਚ ਕੰਮ ਕਰਨ ਜਾਂਦੀ ਹੈ ਤਾਂ ਰਸਤੇ ਵਿੱਚ ਦੇਖਦੀ ਹੈ ਕਿ ਸੁੱਚੇ ਸਾਂਹਸੀ ਦੇ ਘਰ ਦੇ ਬਾਹਰ ਨੌਜਵਾਨ ਬੁੱਕਲ ਮਾਰਕੇ ਚਿੱਟਾ ਲੈਣ ਵਾਸਤੇ ਲਾਈਨਾਂ ਲਗਾ ਕੇ ਖੜ੍ਹੇ ਰਹਿੰਦੇ ਹਨ। ਮਨਜੀਤ ਦੀ ਭੈਣ ਨੇ ਪੁਲਿਸ ਨੂੰ ਅਪੀਲ ਕੀਤੀ ਹੈ ਕਿ ਚਿੱਟਾ ਵੇਚਣ ਵਾਲਿਆਂ ਦੇ ਖ਼ਿਲਾਫ਼ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਪੁਲਿਸ ਵੱਲੋਂ ਰੋਡ ਸੇਫਟੀ ਡਰਾਈਵ ਦੀ ਸ਼ੁਰੂਆਤ