ਅੰਮ੍ਰਿਤਸਰ-ਫ਼ਿਰੋਜ਼ਪੁਰ: ਕੇਂਦਰ ਦੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀਜੇਪੀ ਸਰਕਾਰ ਵੱਲੋਂ ਲਿਆਂਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪਿਛਲੇ 169 ਤੋਂ ਦਿੱਲੀ ਅੰਮ੍ਰਿਤਸਰ ਮੁੱਖ ਰੇਲ ਮਾਰਗ 'ਤੇ ਪੈਂਦੇ ਜੰਡਿਆਲਾ ਗੁਰੂ ਨੇੜੇ ਧਰਨਾ ਲਗਾਈ ਬੈਠੇ ਕਿਸਾਨ ਮਜਦੂਰ ਸੰਘਰਸ਼ ਕਮੇਟੀ ਪੰਜਾਬ ਦੇ ਆਗੂਆਂ ਵੱਲੋਂ ਧਰਨਾ ਚੁੱਕੇ ਜਾਣ ਉਪਰੰਤ ਹੁਣ ਹੌਲੀ ਹੌਲੀ ਰੇਲਵੇ ਸਟੇਸ਼ਨਾਂ 'ਤੇ ਯਾਤਰੂਆੰ ਦੀ ਚਹਿਲ-ਪਹਿਲ ਹੋਣ ਨਾਲ ਰੌਣਕਾਂ ਪਰਤਣ ਦੀ ਆਸ ਬੱਝ ਗਈ ਹੈ ਜਿਸ ਨਾਲ ਯਾਤਰੂਆਂ ਅਤੇ ਦੁਕਾਨਦਾਰਾਂ ਦੇ ਚਿਹਰਿਆਂ ਦੀ ਰੌਣਕ ਵੀ ਪਰਤਣ ਦੀ ਸੰਭਵਨਾ ਹੈ।
ਦੱਸਣਯੋਗ ਹੈ ਕਿ ਬੀਤੀ 24 ਸਤੰਬਰ ਤੋਂ ਰੇਲਵੇ ਟਰੈਕ 'ਤੇ ਧਰਨਾ ਲਗਾਈ ਬੈਠੇ ਕਿਸਾਨਾਂ ਨੂੰ ਉਠਾਉਣ ਲਈ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਗਈ ਸੀ ਪਰ ਸਰਕਾਰ ਦਾ ਤਿੱਖਾ ਵਿਰੋਧ ਹੁੰਦੇ ਦੇਖ ਪ੍ਰਸ਼ਾਸਨ ਟਰੈਕ ਖਾਲੀ ਕਰਵਾਉਣ ਚ ਅਸਮਰੱਥ ਰਿਹਾ ਸੀ। ਕੁੱਝ ਸਮਾਂ ਪਹਿਲਾਂ ਕਿਸਾਨਾਂ ਵੱਲੋਂ ਸਿਰਫ ਮਾਲ ਗੱਡੀ ਚਲਾਉਣ ਤੇ ਸਹਿਮਤੀ ਦਿੱਤੀ ਗਈ ਸੀ ਪਰ ਰੇਲਵੇ ਵੱਲੋਂ ਯਾਤਰੀ ਟਰੇਨਾਂ ਚਲਾਉਣ ਬਾਰੇ ਕਹਿਣ 'ਤੇ ਕਿਸਾਨਾਂ ਵਲੋਂ ਮੁੜ ਰੇਲ ਟਰੈਕ ਜਾਮ ਕਰ ਦਿੱਤਾ ਗਿਆ ਸੀ। ਜਿਸ ਕਾਰਨ ਰੇਲਵੇ ਪ੍ਰਸ਼ਾਸਨ ਵੱਲੋਂ ਬਿਆਸ ਤੋਂ ਵਾਇਆ ਤਰਨ ਤਾਰਨ ਰੇਲ ਚਲਾਈ ਗਈ ਸੀ, ਜਿਸ 'ਤੇ ਲੋਕਲ ਯਾਤਰੀਆਂ ਨੇ ਖਾਸ ਰੁਚੀ ਨਹੀਂ ਦਿਖਾਈ।
ਈਟੀਵੀ ਨਾਲ ਗੱਲਬਾਤ ਦੌਰਾਨ ਬਿਆਸ ਰੇਲਵੇ ਸਟੇਸ਼ਨ 'ਤੇ ਸਥਿਤ ਚੌਂਕੀ 'ਚ ਤੈਨਾਤ ਏਐਸਆਈ ਜਸਪਾਲ ਸਿੰਘ ਨੇ ਦੱਸਿਆ ਕਿ ਮੁੜ ਤੋਂ ਟਰੇਨਾਂ ਹੁਣ ਤਰਨ ਤਾਰਨ ਦੀ ਬਜਾਏ ਵਾਇਆ ਜੰਡਿਆਲਾ-ਅੰਮ੍ਰਿਤਸਰ ਨੂੰ ਜਾਣ ਲੱਗ ਪਈਆਂ ਹਨ ਅਤੇ ਉਮੀਦ ਹੈ ਕਿ ਹੌਲੀ ਹੌਲੀ ਬਿਆਸ ਸਟੇਸ਼ਨ 'ਤੇ ਵੀ ਚਹਿਲ ਪਹਿਲ ਵਧੇਗੀ। ਉਨ੍ਹਾਂ ਦੱਸਿਆ ਕਿ ਰੇਲਵੇ ਅਤੇ ਜੀਆਰਪੀ ਪੁਲਿਸ ਵੱਲੋਂ ਸਾਂਝੇ ਤੌਰ 'ਤੇ ਰੋਜ਼ਾਨਾ ਗਸ਼ਤ ਕਰਦਿਆਂ ਸਟੇਸ਼ਨ 'ਤੇ ਸਖਤ ਸੁਰੱਖਿਆ ਦਾ ਪਹਿਰਾ ਰੱਖਿਆ ਜਾਂਦਾ ਹੈ।
ਜ਼ਿੰਦਗੀ ਵਿੱਚ ਚਾਹੇ ਕੋਈ ਪ੍ਰਾਈਵੇਟ ਕਾਰੋਬਾਰੀ ਹੋਵੇ ਜਾਂ ਫਿਰ ਸਰਕਾਰੀ ਉਸ ਨਾਲ ਜੁੜੀਆਂ ਕਈ ਚੀਜ਼ਾਂ ਐਸੀਆਂ ਹੁੰਦੀਆਂ ਨੇ ਜਿਸ ਨਾਲ ਲੋਕਾਂ ਦੀ ਜ਼ਿੰਦਗੀ ਵੀ ਨਿਰਭਰ ਕਰਦੀ ਹੈ। ਕੋਰੋਨਾ ਕਰ ਕੇ ਦੇਸ਼ ਵਿੱਚ ਰੇਲਾਂ ਕੀ ਰੁਕੀਆਂ ਲੋਕਾਂ ਦੀ ਜ਼ਿੰਦਗੀ ਵੀ ਪਟੜੀ ਤੋਂ ਉਤਰ ਗਈ । ਪਿਛਲੇ ਇਕ ਸਾਲ ਦੇ ਦੌਰਾਨ ਰੇਲਵੇ ਨਾਲ ਜੁੜੇ ਕੁਲੀ, ਆਟੋ ਚਾਲਕ ਜਾਂ ਫਿਰ ਸਟੇਸ਼ਨ 'ਤੇ ਖਾਣ ਪੀਣ ਦੀਆਂ ਚੀਜ਼ਾਂ ਵੇਚਣ ਵਾਲੇ ਲੋਕ ਹੋਣ ਘਰ ਬੈਠਣ ਲਈ ਮਜਬੂਰ ਹੋ ਗਏ।
ਇਨ੍ਹਾਂ ਨੂੰ ਇਕ ਸਾਲ ਦੌਰਾਨ ਬੱਚਿਆਂ ਦੀ ਪੜ੍ਹਾਈ, ਰੋਜ਼ਮਰਾ ਜ਼ਿੰਦਗੀ ਤੋਂ ਲੈ ਕੇ ਖਾਣ ਪੀਣ ਤੱਕ ਦੀ ਮੁਸ਼ਕਿਲ ਆ ਗਈ ਪਰ ਹੁਣ ਜਦੋਂ ਰੇਲ ਇੱਕ ਵਾਰ ਫਿਰ ਪਟੜੀ 'ਤੇ ਆ ਰਹੀ ਹੈ।ਜਲੰਧਰ ਦੇ ਰੇਲਵੇ ਸਟੇਸ਼ਨ ਵੀ ਦੇਸ਼ ਦੇ ਬਾਕੀ ਰੇਲਵੇ ਸਟੇਸ਼ਨ ਵਾਂਗ ਫਿਰ ਤੋਂ ਹਰ ਭਰਾ ਦਿਖਣਾ ਸ਼ੁਰੂ ਹੋ ਗਿਆ ਹੈ ਭਾਰਤੀ ਰੇਲਾਂ ਦੀਆਂ ਕੂਕਾਂ ਨੇ ਆਮ ਲੋਕਾਂ ਦੇ ਚਿਹਰਿਆਂ 'ਤੇ ਮੁਸਕਰਾਹਟ ਲਿਆ ਦਿੱਤੀ ਹੈ। ਹੁਣ ਇਨ੍ਹਾਂ ਨੂੰ ਇਹ ਉਮੀਦ ਹੈ ਕਿ ਜਲਦ ਤੋਂ ਜਲਦ ਹਾਲਾਤ ਪਹਿਲੇ ਵਾਂਗ ਹੋ ਜਾਣਗੇ।
ਜੰਡਿਆਲਾ ਵਿਖੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ 169 ਦਿਨਾਂ ਤੋਂ ਚਲਿਆ ਆ ਰਿਹਾ ਰੇਲ ਮੋਰਚਾ ਚੁੱਕ ਦਿੱਤਾ ਗਿਆ, ਜਿਸ ਕਾਰਨ ਫਿਰੋਜਪੁਰ ਮੰਡਲ ਦੇ ਉਚ ਅਧਿਕਾਰੀ ਵੱਲੋਂ ਮਿਲੇ ਆਦੇਸ਼ਾਂ ਤੋਂ ਬਾਅਦ ਅੰਮ੍ਰਿਤਸਰ ਰੇਲਵੇ ਸਟੇਸ਼ਨ 'ਤੇ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਅੱਜ ਤੋਂ ਅੰਮ੍ਰਿਤਸਰ ਲਈ ਅੰਬਾਲਾ, ਚੰਡੀਗੜ੍ਹ ਅਤੇ ਹੋਰ ਸਟੇਸ਼ਨ ਤੋਂ ਟ੍ਰੇਨਾਂ ਸਿੱਧੀਆਂ ਆ ਜਾ ਸਕਣਗੀਆਂ। ਯਾਤਰੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਦੱਸਿਆ ਕਿ ਪਿਛਲੇ ਕਾਫੀ ਪ੍ਰੇਸ਼ਾਨੀ ਝੱਲ ਰਹੇ ਸਨ। ਪਹਿਲਾਂ ਜੰਡਿਆਲਾ ਤੋਂ ਰੇਲ ਟਰੈਕ ਬੰਦ ਹੋਣ ਕਰ ਕੇ ਉਨ੍ਹਾਂ ਨੂੰ ਸਫ਼ਰ ਕਰਨ ਵਿਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ।
ਇਹ ਵੀ ਪੜ੍ਹੋ: ਪੰਜਾਬ 'ਚ ਨਹੀਂ ਲੌਕਡਾਊਨ ਲਾਉਣ ਦੀ ਲੋੜ: ਸਿੱਧੂ
ਅੰਮ੍ਰਿਤਸਰ ਦੇ ਵਿੱਚ ਕਿਸਾਨ ਮਜਦੂਰ ਸੰਘਰਸ਼ ਕਮੇਟੀ ਵੱਲੋਂ ਜੰਡਿਆਲਾ ਗੁਰੂ ਟਰੈਕ ਤੋ 169 ਦਿਨ ਬਾਅਦ ਖਾਲੀ ਕਰਨ ਉਤੇ ਫ਼ਿਰੋਜ਼ਪੁਰ ਰੇਲਵੇ ਡਿਵੀਜ਼ਨ ਡੀਆਰਐਮ ਰਾਜੇਸ਼ ਅਗਰਵਾਲ ਨੇ ਕਿਸਾਨਾਂ ਦਾ ਧੰਨਵਾਦ ਕੀਤਾ। ਅਡੀਆਰਐਮ ਰਾਜੇਸ਼ ਅਗਰਵਾਲ ਨੇ ਦਸਿਆ ਕਿ ਕਿਸਾਨਾਂ ਵੱਲੋਂ ਜੰਡਿਆਲਾ ਗੁਰੂ ਟਰੈਕ ਖਾਲੀ ਕਰ ਦਿਤਾ ਹੈ ਅਤੇ ਤੁਰੰਤ ਪ੍ਰਭਾਵ ਤੋਂ ਟ੍ਰੇਨਾਂ ਦੁਬਾਰਾ ਤੋਂ ਚਲਾ ਦਿਤੀਆਂ ਗਈਆਂ ਹਨ। ਤਿੰਨ ਟ੍ਰੇਨਾਂ ਹਾਲੇ ਕੈਂਸਲ ਹਨ ਜਿਸ ਵਿੱਚ ਅੰਮ੍ਰਿਤਸਰ ਤੋਂ ਦਰਭੰਗਾ, ਅੰਮ੍ਰਿਤਸਰ ਤੋਂ ਸਹਿਰਸਾ, ਅੰਮ੍ਰਿਤਸਰ ਤੋਂ ਸਿਆਲਦਾ ਅਤੇ ਇੱਕ ਅੰਮ੍ਰਿਤਸਰ ਤੋਂ ਨਵੀ ਦਿੱਲੀ ਸ਼ਤਾਬਦੀ ਟਰੇਨ 13 ਮਾਰਚ ਤੋਂ ਚਲਾਈ ਜਾਵੇਗੀ।