ਫ਼ਿਰੋਜ਼ਪੁਰ: ਫ਼ਿਰੋਜ਼ਪੁਰ ਦੇ ਪਿੰਡ ਵਾੜਾ ਭਾਈ ਕਾ ਦੇ 50 ਸਾਲਾ ਲਖਵੀਰ ਸਿੰਘ ਪੁੱਤਰ ਨਰੰਜਣ ਸਿੰਘ ਨੂੰ ਨਹਿਰ ਵਿੱਚ ਧੱਕਾ ਦੇ ਕੇ ਕਤਲ ਕਰਨ ਵਾਲੇ ਪਿੰਡ ਦੇ ਹੀ ਮੁਲਜ਼ਮ ਸੁਖਦੀਪ ਸਿੰਘ ਪੁੱਤਰ ਕਾਲੂ ਉਰਫ ਨੀਟੂ ਨੂੰ ਥਾਣਾ ਘੱਲ ਖ਼ੁਰਦ ਦੀ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ।
ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. ਅਭਿਨਵ ਚੌਹਾਨ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਮ੍ਰਿਤਕ ਲਖਵੀਰ ਸਿੰਘ ਦੇ ਬੇਟੇ ਸੰਦੀਪ ਸਿੰਘ ਨੇ ਦੱਸਿਆ ਕਿ ਉਸ ਦਾ ਪਿਤਾ ਪਿੰਡ ਡੋਡ ਜ਼ਿਲ੍ਹਾ ਫ਼ਰੀਦਕੋਟ ਵਿੱਚ ਘੋੜੇ ਟਰਾਲਾ ਚਲਾਉਂਦਾ ਸੀ ਅਤੇ ਮੁਲਜ਼ਮ ਸੁਖਦੀਪ ਸਿੰਘ ਵੀ ਸਹਾਇਕ ਡਰਾਈਵਰ ਲੱਗਾ ਹੋਇਆ ਸੀ।
ਬੀਤੀ 22 ਫਰਵਰੀ ਨੂੰ ਮੁਲਜ਼ਮ ਸੁਖਦੀਪ ਸਿੰਘ ਮੋਟਰਸਾਈਕਲ 'ਤੇ ਉਨ੍ਹਾਂ ਦੇ ਘਰ ਆਇਆ ਤੇ ਉਸ ਦੇ ਪਿਤਾ ਲਖਵੀਰ ਸਿੰਘ ਨੂੰ ਕਹਿਣ ਲੱਗਾ ਕਿ ਆਪਾਂ ਦੋਵੇਂ ਘੋੜੇ ਟਰਾਲੇ ਦੇ ਮਾਲਕ ਨਾਲ ਇਕੱਠਾ ਹਿਸਾਬ ਕਰਨ ਲਈ ਚਲਦੇ ਹਾਂ।
ਸੰਦੀਪ ਮੁਤਾਬਕ ਵਕਤ ਕਰੀਬ 2 ਵਜੇ ਜੌੜੀਆਂ ਨਹਿਰਾਂ ਵਿਚਾਲੇ ਮੁਲਜ਼ਮ ਸੁਖਦੀਪ ਸਿੰਘ ਨੇ ਉਸ ਦੇ ਪਿਤਾ ਨੂੰ ਨਹਿਰ ਵਿੱਚ ਧੱਕਾ ਦੇ ਦਿੱਤਾ। ਜਦੋਂ ਲਖਵੀਰ ਸਿੰਘ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਸੁਖਦੀਪ ਸਿੰਘ ਵੱਲੋਂ ਉਸ ਦੇ ਸਿਰ ਵਿੱਚ ਇੱਟ ਮਾਰ ਦਿੱਤੀ ਗਈ। ਸੱਟ ਲੱਗਣ ਕਾਰਨ ਲਖਵੀਰ ਸਿੰਘ ਨਹਿਰ ਵਿੱਚ ਡੁੱਬ ਗਿਆ। ਪੁਲਿਸ ਨੇ ਮੁਲਜ਼ਮ ਨੂੰ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਪੈਟਰੋਲ ਤੇ ਡੀਜ਼ਲ ਦੇ ਰੇਟ ਵੱਧਣ ਨਾਲ ਜਨਤਾ ਪਰੇਸ਼ਾਨ, ਜਾਣੋ ਪੰਜਾਬ ਵਿੱਚ ਰੇਟ