ਫ਼ਿਰੋਜ਼ਪੁਰ: ਸਥਾਨਕ ਰੇਲ ਡਿਵੀਜ਼ਨ ਨੂੰ ਅੱਤਵਾਦੀ ਸੰਗਠਨ ਜੈਸ਼-ਏ-ਮੁਹੰਮਦ ਵੱਲੋਂ ਧਮਕੀ ਭਰਿਆ ਪੱਤਰ ਮਿਲਣ ਦੀ ਖ਼ਬਰ ਤੋਂ ਬਾਅਦ ਪੰਜਾਬ ਪੁਲਿਸ ਮੁਸਤੈਦ ਹੋ ਗਈ ਹੈ। ਜੈਸ਼-ਏ-ਮੁਹੰਮਦ ਦੀ ਕਥਿਤ ਧਮਕੀ 'ਚ 8 ਅਕਤੂਬਰ ਨੂੰ ਬਠਿੰਡਾ, ਫ਼ਿਰੋਜ਼ਪੁਰ ਕੈਂਟ, ਅੰਮ੍ਰਿਤਸਰ, ਪਟਿਆਲਾ ਅਤੇ ਫਗਵਾੜਾ ਰੇਲਵੇ ਸਟੇਸ਼ਨਾਂ ਤੇ ਧਾਰਿਮਕ ਥਾਵਾਂ ਨੂੰ ਬੰਬ ਨਾਲ ਉਡਾਣ ਦੀ ਧਮਕੀ ਦਿੱਤੀ ਗਈ ਹੈ।
ਜ਼ਿਕਰਯੋਗ ਹੈ ਕਿ ਪ੍ਰਸ਼ਾਸਨ ਵੱਲੋਂ ਇਸ ਮਾਮਲੇ ਨੂੰ ਹਾਲੇ ਪੂਰੀ ਤਰ੍ਹਾਂ ਉਜਾਗਰ ਨਹੀਂ ਕੀਤਾ ਗਿਆ ਹੈ। ਹਾਲਾਂਕਿ ਪੁਲਿਸ ਵੱਲੋਂ ਲੋਕਾਂ ਦੀ ਸੁਰੱਖਿਆ ਦੇ ਮੱਦੇਨਜ਼ਰ ਰੇਲਵੇ ਸਟੇਸ਼ਨਾਂ 'ਤੇ ਸਰਚ ਅਭਿਆਨ ਚਲਾਏ ਜਾ ਰਹੇ ਹਨ। ਪੰਜਾਬ ਪੁਲਿਸ ਦੇ ਡੀਐਸਪੀ ਦੀ ਅਗਵਾਈ ਹੇਠ ਟੀਮ ਵੱਲੋਂ ਰੇਲਵੇ ਸਟੇਸ਼ਨ ਦੇ ਚੱਪੇ-ਚੱਪੇ ਦੀ ਤਲਾਸ਼ੀ ਲਈ ਗਈ। ਪੁਲਿਸ ਵੱਲੋਂ ਟ੍ਰੇਨਾਂ ਨੂੰ ਵੀ ਚੰਗੀ ਤਰ੍ਹਾਂ ਚੈਕ ਕੀਤਾ ਗਿਆ ਤੇ ਮੁਸਾਫ਼ਿਰਾਂ ਦੇ ਸਮਾਨ ਦੀ ਵੀ ਤਲਾਸ਼ੀ ਲਈ ਗਈ ਹੈ। ਇਸ ਦੌਰਾਨ ਡੀਐਸਪੀ ਨੇ ਇਸ ਤਲਾਸ਼ੀ ਅਭਿਆਨ ਨੂੰ ਸਿਰਫ਼ ਰੁਟੀਨ ਚੈਕਿੰਗ ਦਾ ਨਾਂਅ ਦਿੱਤਾ ਹੈ। ਡੀਐਸਪੀ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੇ ਧਮਕੀ ਭਰੇ ਪੱਤਰ ਬਾਰੇ ਜਾਣਕਾਰੀ ਨਹੀਂ ਹੈ।