ਜ਼ੀਰਾ: ਸ਼ਹਿਰ ਵਿੱਚ ਖੁਦਕੁ਼ਸੀ ਦਾ ਇੱਕ ਮਾਮਲਾ ਪੁਲਿਸ ਜਾਂਚ ਵਿੱਚ ਕਤਲ ਬਣ ਕੇ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੀ ਪਤਨੀ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਰਾਜਵਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਪੁਲਿਸ ਨੇ ਗੁਰਦੀਪ ਸਿੰਘ ਦੀ ਪਤਨੀ ਨੇ ਰਿਪੋਰਟ ਲਿਖਵਾਈ ਸੀ ਕਿ ਉਸ ਦੇ ਪਤੀ ਨੇ ਬੈਂਕਾਂ ਦਾ ਕਰਜ਼ਾ ਦੇਣਾ ਸੀ। ਇਸ ਪ੍ਰੇਸ਼ਾਨੀ ਦੇ ਕਾਰਨ ਉਸ ਨੇ ਫਾਹਾ ਲਾ ਕੇ ਖ਼ੁਦਕੁਸ਼ੀ ਕਰ ਲਈ ਹੈ, ਜਿਸ 'ਤੇ ਪੁਲਿਸ ਨੇ 174 ਦੀ ਕਾਰਵਾਈ ਕਰਦੇ ਹੋਏ ਕੇਸ ਨੂੰ ਖੁੱਲ੍ਹਾ ਰੱਖਿਆ।
ਉਧਰ, ਗੁਰਦੀਪ ਸਿੰਘ ਨੇ ਦੱਸਿਆ ਕਿ ਜਦੋਂ ਪਰਿਵਾਰ ਨੂੰ ਗੁਰਦੀਪ ਸਿੰਘ ਦੀ ਖੁਦਕੁਸ਼ੀ ਬਾਰੇ ਪਤਾ ਲੱਗਾ ਤਾਂ ਉਸ ਨੇ ਆਪਣੇ ਛੋਟੇ ਭਰਾ ਲਈ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਐਸਐਚਓ ਮੋਹਿਤ ਧਵਨ ਨੂੰ ਇਸ ਮਾਮਲੇ ਵਿੱਚ ਤਫ਼ਤੀਸ਼ ਕਰਨ ਦੀ ਬੇਨਤੀ ਕੀਤੀ। ਉਸ ਨੇ ਪੁਲਿਸ ਨੂੰ ਕਿਹਾ ਸੀ ਕਿ ਉਸ ਦਾ ਭਰਾ ਖੁਦਕੁਸ਼ੀ ਨਹੀਂ ਕਰ ਸਕਦਾ।
ਉਪਰੰਤ ਐਸਐਚਓ ਮੋਹਿਤ ਧਵਨ ਵੱਲੋਂ ਕੀਤੀ ਜਾਂਚ ਦੌਰਾਨ ਸਾਹਮਣੇ ਆਇਆ ਕਿ ਗੁਰਦੀਪ ਸਿੰਘ ਦੀ ਪਤਨੀ ਕੁਲਵੰਤ ਕੌਰ ਦੇ ਨਾਜਾਇਜ਼ ਸਬੰਧ ਸਨ ਅਤੇ ਉਸ ਦੇ ਪ੍ਰੇਮ ਸਬੰਧਾਂ ਵਿੱਚ ਰੋੜਾ ਬਣ ਰਿਹਾ ਸੀ। ਇਸ ਲਈ ਸਾਜਿਸ਼ ਰਚਦੇ ਹੋਏ ਕੁਲਵੰਤ ਕੌਰ, ਰਜਵੰਤ ਕੌਰ ਰਾਜ, ਸੁਰਜੀਤ ਕੌਰ ਰਾਜੀ ਤੇ ਬਲਜੀਤ ਸਿੰਘ ਨੇ ਪਹਿਲਾਂ ਗੁਰਦੀਪ ਸਿੰਘ ਨੂੰ ਨਸ਼ੀਲੀ ਚੀਜ਼ ਖਵਾਈ। ਉਪਰੰਤ ਗਲਾ ਘੁੱਟ ਕੇ ਕਤਲ ਕਰ ਦਿੱਤਾ ਤੇ ਇਸ ਨੂੰ ਖੁਦਕੁਸ਼ੀ ਦਾ ਮਾਮਲਾ ਬਣਾਉਂਦੇ ਹੋਏ ਪੱਗ ਦਾ ਫਾਹਾ ਬਣਾ ਕੇ ਪੱਖੇ ਨਾਲ ਲਟਕਾ ਦਿੱਤਾ ਗਿਆ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਵਿਰੁੱਧ ਮੁਕੱਦਮਾ ਦਰਜ ਕਰਕੇ ਤਿੰਨੇ ਔਰਤਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ, ਜਦਕਿ ਇੱਕ ਵਿਅਕਤੀ ਦੀ ਭਾਲ ਜਾਰੀ ਹੈ।