ਫਿਰੋਜ਼ਪੁਰ: ਸੜਕਾਂ 'ਤੇ ਘੁੰਮ ਰਹੇ ਬੇਖੌਫ਼ ਅਵਾਰਾ ਪਸ਼ੂ ਲੋਕਾਂ ਲਈ ਸਿਰਦਰਦ ਬਣੇ ਹੋਏ ਹਨ। ਜਿੱਥੇ, ਇਹ ਅਵਾਰਾ ਪਸ਼ੂ ਪਿੰਡਾਂ ਵਿੱਚ ਕਿਸਾਨਾਂ ਦੀਆਂ ਹਜ਼ਾਰਾਂ ਏਕੜ ਫ਼ਸਲ ਖਰਾਬ ਕਰ ਰਹੇ ਹਨ, ਉੱਥੇ ਹੀ ਆਏ ਦਿਨ ਵਾਸੀ ਇਨ੍ਹਾਂ ਦੇ ਸ਼ਿਕਾਰ ਹੋ ਰਹੇ ਹਨ। ਫਿਰੋਜ਼ਪੁਰ ਤੋਂ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇੱਕ ਬਿਰਧ ਮਹਿਲਾ ਅਵਾਰਾ ਸਾਨ੍ਹ ਦੀ ਸ਼ਿਕਾਰ ਹੋ ਗਈ ਜਿਸ ਦੀ ਸਾਰੀ ਘਟਨਾ ਇਕ ਦੁਕਾਨ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ।
ਸ਼ਹਿਰ ਦੇ ਮੁਲਤਾਨੀ ਗੇਟ ਕੋਲ 2 ਸਾਂਨ੍ਹ ਆਪਸ ਵਿੱਚ ਭਿੜ ਗਏ। ਘਰੋਂ ਬਾਹਰ ਬਾਜ਼ਾਰ ਆਪਣੇ ਘਰੇਲੂ ਕੰਮ ਲਈ ਜਾ ਰਹੀ ਇਕ ਬਿਰਧ ਔਰਤ ਨੂੰ ਇਕ ਸਾਂਨ੍ਹ ਨੇ ਭੱਜਦੇ ਹੋਏ ਆਪਣੇ ਹੇਠਾਂ ਦਰੜ ਦਿੱਤਾ। ਇਸ ਕਾਰਨ ਉਸ ਮਹਿਲਾ ਨੂੰ ਕਾਫੀ ਸੱਟਾਂ ਲੱਗੀਆਂ। ਇਹ ਸਾਰੀ ਘਟਨਾ ਇਕ ਦੁਕਾਨ ਦੇ ਬਾਹਰ ਲਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਮਹਿਲਾ ਨੂੰ ਨੇੜੇ ਦੇ ਦੁਕਾਨਦਾਰਾਂ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ।
ਘਟਨਾ ਵਾਲੀ ਥਾਂ ਉੱਤੇ ਮੌਜੂਦ ਇਕ ਚਸ਼ਮਦੀਦ ਰੋਹਿਤ ਨੇ ਦੱਸਿਆ ਕਿ ਜਖ਼ਮੀ ਮਹਿਲਾ ਦੇ ਗੰਭੀਰ ਸੱਟਾਂ ਲੱਗੀਆਂ ਹਨ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਇਹ ਅਵਾਰਾ ਪਸ਼ੂ ਰੋਜ਼ਾਨਾ ਹੀ ਕਈ ਜਿੰਦਗੀਆਂ ਲੈ ਰਹੇ ਹਨ। ਇਸ ਘਟਨਾ ਤੋਂ ਬਾਅਦ ਲੋਕਾਂ ਨੇ ਡੀਸੀ ਦਫ਼ਤਰ ਦਾ ਵੀ ਘਿਰਾਓ ਕੀਤਾ ਅਤੇ ਨਾਅਰੇਬਾਜ਼ੀ ਕੀਤੀ।
ਕਿਸਾਨਾਂ ਤੇ ਸਥਾਨਕ ਵਾਸੀਆਂ ਵਲੋਂ ਅਵਾਰਾ ਪਸ਼ੂਆਂ ਨੂੰ ਟਰਾਲੀਆਂ ਵਿੱਚ ਭਰ ਕੇ ਡੀਸੀ ਦਫ਼ਤਰਾਂ ਅੱਗੇ ਛੱਡਿਆ ਜਾਂਦਾ ਹੈ, ਪਰ ਉੱਥੋ ਭਰੋਸੇ ਤੋਂ ਇਲਾਵਾ ਕੁਝ ਨਹੀਂ ਮਿਲਦਾ। ਇਸ ਸਮੱਸਿਆ ਦਾ ਪ੍ਰਸ਼ਾਸਨ ਵਲੋਂ ਕੋਈ ਪੱਕਾ ਹੱਲ ਨਹੀਂ ਕੱਢਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ:ਹਾਈ ਕਮਾਂਡ ਨੂੰ ਮਿਲੇ ਨਵਜੋਤ ਸਿੰਘ ਸਿੱਧੂ, ਸੂਬੇ ਦੀ ਤਰੱਕੀ ਲਈ ਰੋਡ-ਮੈਪ ਕੀਤਾ ਸਾਂਝਾ