ਫਿਰੋਜ਼ਪੁਰ: ਜ਼ਿਲ੍ਹੇ ਵਿੱਚ ਉਸ ਸਮੇਂ ਦਹਿਸ਼ਤ ਫੈਲ ਲਈ ਜਦੋਂ ਇੱਕ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਪੁਲਿਸ ਗੁਰਸੇਵਕ ਨੇ ਸਰਕਾਰੀ ਅਸਲੇ ਨਾਲ ਗੋਲੀਆਂ ਮਾਰ ਮੌਤ ਦੇ ਘਾਟ ਉਤਾਰ ਦਿੱਤਾ। ਇਸ ਘਟਨਾ ਤੋਂ ਬਾਅਦ ਪੁਲਿਸ ਮੁਲਾਜ਼ਮ ਨੇ ਆਪਣੇ ਆਪ ਨੂੰ ਵੀ ਗੋਲੀ ਬਾਰ ਖੁਦਕੁਸ਼ੀ ਕਰ ਲਈ। ਫਿਲਹਾਲ ਪੁਲਿਸ ਵਲੋਂ ਖੁਦਕੁਸ਼ੀ ਕਰਨ ਤੇ ਮਹਿਲਾ ਕਾਂਸਟੇਬਲ ਦੇ ਕਤਲ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
ਮ੍ਰਿਤਕ ਮਹਿਲਾ ਕਾਂਸਟੇਬਲ ਥਾਣਾ ਕੈਂਟ ਫਿਰੋਜ਼ਪੁਰ 'ਚ ਸੀ ਤੈਨਾਤ : ਦੱਸ ਦਈਏ ਕਿ ਮ੍ਰਿਤਕ ਮਹਿਲਾ ਕਾਂਸਟੇਬਲ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਡਿਊਟੀ ਕਰਦੀ ਸੀ। ਰਾਤ ਦੇ ਸਮੇਂ ਸ਼ੇਰ ਸ਼ਾਹ ਵਲੀ ਚੌਕ, ਫਿਰੋਜ਼ਪੁਰ ਵਿਖੇ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ ਨੇ ਅਮਨਦੀਪ ਨੂੰ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਸ ਤੋਂ ਬਾਅਦ ਪੁਲਿਸ ਮੁਲਾਜ਼ਮ ਗੁਰਸੇਵਕ ਸਿੰਘ ਨੇ ਵੀ ਤਲਵੰਡੀ ਚੌਂਕ ਵਿੱਚ ਜਾ ਕੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ।
ਗੁਰਸੇਵਕ ਦਾ ਹੋ ਚੁੱਕਾ ਸੀ ਵਿਆਹ, ਇੱਕ ਧੀ : ਮ੍ਰਿਤਕ ਗੁਰਸੇਵਕ ਸਿੰਘ ਦੇ ਪਿਤਾ ਸੁੱਚਾ ਸਿੰਘ ਨੇ ਦੱਸਿਆ ਕਿ ਇਸ ਘਟਨਾ ਪਿੱਛੇ ਕੀ ਕਾਰਨ ਰਿਹਾ ਹੈ, ਇਹ ਤਾਂ ਉਨ੍ਹਾਂ ਨੂੰ ਵੀ ਨਹੀਂ ਪਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਗੁਰਸੇਵਕ ਨੇ ਖੁਦਕੁਸ਼ੀ ਕੀਤੀ ਹੈ। ਇਸ ਤੋਂ ਬਾਅਦ ਉਹ ਫਿਰੋਜ਼ਪੁਰ ਹਸਪਤਾਲ ਪਹੁੰਚੇ। ਉਨ੍ਹਾਂ ਕਿਹਾ ਕਿ ਗੁਰਸੇਵਕ ਦੀ 2011 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ। ਉਸ ਦਾ ਵਿਆਹ ਵੀ ਹੋ ਚੁੱਕਾ ਸੀ ਤੇ ਇਕ ਧੀ ਹੈ। ਸੁੱਚਾ ਸਿੰਘ ਨੇ ਕਿਹਾ ਕਿ ਅਮਨਦੀਪ ਕੌਰ ਨਾਲ ਉਸ ਦਾ ਕੀ ਲੈਣਾ ਦੇਣਾ ਹੈ, ਇਸ ਬਾਰੇ ਉਨ੍ਹਾਂ ਨੂੰ ਵੀ ਕੋਈ ਜਾਣਕਾਰੀ ਨਹੀਂ ਹੈ।
ਮੌਕੇ 'ਤੇ ਪਹੁੰਚੀ ਪਹੁੰਚੀ, ਲਾਸ਼ਾਂ ਪੋਸਟਮਾਰਮ ਲਈ ਭੇਜੀਆਂ : ਇਸ ਖ਼ਬਰ ਤੋਂ ਬਾਅਦ ਪੁਲਿਸ ਵਿਚਾਲੇ ਹੜਕੰਪ ਮਚ ਗਿਆ ਹੈ। ਘਟਨਾ ਵਾਲੀ ਥਾਂ ਉੱਤੇ ਪਹੁੰਚ ਕੇ ਪੁਲਿਸ ਵੱਲੋਂ ਦੋਹਾਂ ਦੀਆਂ ਲਾਸ਼ਾਂ ਹਸਪਤਾਲ ਪਹੁੰਚਾਈਆਂ ਗਈਆਂ ਹਨ। ਫਿਲਹਾਲ ਇਸ ਮਾਮਲੇ ਵਿੱਚ ਪੁਲਿਸ ਕਤਲ ਤੇ ਖੁਦਕੁਸ਼ੀ ਕੀਤੇ ਜਾਣ ਦੇ ਕਾਰਨਾਂ ਦਾ ਪਤਾ ਲਗਾ ਰਹੀ ਹੈ। ਡਾਕਟਰ ਕਾਰਜ ਸਿੰਘ ਨੇ ਦੱਸਿਆ ਕਿ ਅਮਨਦੀਪ ਕੌਰ ਨੂੰ ਜਦੋਂ ਹਸਪਤਾਲ ਲਿਆਂਦਾ ਗਿਆ ਸੀ, ਤਾਂ ਉਸ ਦੀ ਮੌਤ ਹੋ ਚੁੱਕੀ ਸੀ।
ਗੁਰਸੇਵਕ ਸਿੰਘ ਨੇ ਘਰ ਜਾਂਦੇ ਸਮੇਂ ਦਿੱਤਾ ਘਟਨਾ ਨੂੰ ਅੰਜਾਮ : ਐਸਐਚਓ ਨਵੀਨ ਕੁਮਾਰ ਨੇ ਦੱਸਿਆ ਕਿ ਸ਼ਨੀਵਾਰ ਦੇਰ ਰਾਤ ਅਮਨਦੀਪ ਕੌਰ ਪੁਲਿਸ ਥਾਣੇ ਤੋਂ ਆਪਣੀ ਡਿਊਟੀ ਖ਼ਤਮ ਕਰਕੇ ਐਕਟਿਵ ਉੱਤੇ ਘਰ ਜਾ ਰਹੀ ਸੀ। ਜਦੋਂ ਉਹ ਸ਼ੇਰ ਸ਼ਾਹ ਵਲੀ ਪੀਰ ਕੋਲ ਪਹੁੰਚੀ, ਤਾਂ ਗੁਰਸੇਵਕ ਸਿੰਘ ਕਾਰ ਵਿੱਚ ਆਇਆ। ਪਹਿਲਾਂ ਉਸ ਨੇ ਅਮਨਦੀਪ ਕੌਰ ਦੀ ਐਕਟਿਵਾ ਨੂੰ ਟੱਕਰ ਮਾਰੀ। ਫਿਰ ਉਹ ਹੇਠਾਂ ਉਤਰਿਆ ਅਤੇ ਅਮਨਦੀਰ ਕੌਰ ਉੱਤੇ ਤਾਬੜ ਤੋੜ 5 ਗੋਲੀਆਂ ਚਲਾ ਦਿੱਤੀਆਂ ਜਿਸ ਤੋਂ ਬਾਅਦ ਉਹ ਮੌਕੇ ਤੋਂ ਫ਼ਰਾਰ ਹੋ ਗਿਆ। ਅਮਨਦੀਪ ਕੌਰ ਨੂੰ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੂੰ ਉੱਥੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਕਤਲ ਕਰਨ ਤੋਂ ਬਾਅਦ ਤਲਵੰਡੀ ਚੌਂਕ 'ਚ ਕਾਂਸਟੇਬਲ ਨੇ ਕੀਤੀ ਖੁਦਕੁਸ਼ੀ : ਅਮਨਦੀਪ ਕੌਰ ਦੇ ਗੋਲੀਆਂ ਮਾਰਨ ਤੋਂ ਬਾਅਦ ਗੁਰਸੇਵਕ ਕਾਰ ਵਿੱਚ ਤਲਵੰਡੀ ਚੌਂਕ ਪਹੁੰਚਿਆਂ। ਉੱਥੇ ਉਸ ਨੇ ਖੁਦ ਨੂੰ ਵੀ ਗੋਲੀ ਮਾਰ ਲਈ। ਜਦੋਂ ਤੱਕ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ, ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਫਿਲਹਾਲ ਦੋਹਾਂ ਦੀਆਂ ਲਾਸ਼ਾਂ ਦਾ ਪੋਸਟਮਾਰਮ ਕਰਵਾਇਆ ਜਾ ਰਿਹਾ ਹੈ। ਕਤਲ ਤੇ ਖੁਦਕੁਸ਼ੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਵੱਲੋਂ ਜਾਂਚ ਜਾਰੀ ਹੈ।