ਜ਼ੀਰਾ: ਕੋਰੋਨਾ ਮਹਾਂਮਾਰੀ ਦੇ ਖ਼ਿਲਾਫ਼ ਜਾਰੀ ਜੰਗ ਵਿੱਚ ਕਈ ਫਰੰਟ ਲਾਈਨ ਯੋਧੇ ਆਪਣੀਆਂ ਜਾਨਾਂ ਨੂੰ ਕੁਰਬਾਨ ਕਰ ਚੁੱਕੇ ਹਨ। ਆਮ ਲੋਕਾਂ ਨੂੰ ਕੋਰੋਨਾ ਮਹਾਂਮਾਰੀ ਤੋਂ ਬਚਾਉਣ ਲਈ ਡਾਕਟਰਾਂ, ਪੁਲਿਸ ਮੁਲਾਜ਼ਮਾਂ ਅਤੇ ਸਫਾਈ ਸੇਵਕਾਂ ਆਪਣੀਆਂ ਜਾਨਾਂ ਨੂੰ ਜੋਖਮ ਵਿੱਚ ਪਾ ਕੇ ਲੋਕਾਂ ਦੀ ਸੇਵਾ ਕੀਤੀ ਹੈ। ਇਸ ਦੌਰਾਨ ਕਈ ਕੋਰੋਨਾ ਯੋਧਿਆਂ ਦੀਆਂ ਜਾਨਾਂ ਵੀ ਗਈਆਂ ਹਨ। ਇਨ੍ਹਾਂ ਵਿੱਚ ਹੁਣ ਸ਼ਾਮਲ ਹੋ ਗਏ ਹਨ ਥਾਣਾ ਜ਼ੀਰਾ ਵਿੱਚ ਤਾਇਨਾਤ ਪੰਜਾਬ ਹੋਮ ਗਾਰਡ ਦੇ ਜਵਾਨ ਨੌਨਿਹਾਲ ਸਿੰਘ, ਜੋ ਕਿ ਕੋਰੋਨਾ ਹੱਥੀ ਆਪਣੀ ਜ਼ਿੰਦਗੀ ਦੀ ਜੰਗ ਹਾਰ ਰਗੇ ਹਨ।
ਥਾਣਾ ਜ਼ੀਰਾ ਦੇ ਮੁਖੀ ਮੋਹਿਤ ਧਵਨ ਨੇ ਦੱਸਿਆ ਕਿ ਪੀਐਚਜੀ ਨੌਨਿਹਾਲ ਸਿੰਘ ਨੂੰ ਦਿਲ ਦਾ ਦੌਰਾ ਪੈਣ ਕਾਰਨ ਲੁਧਿਆਣਾ ਦੇ ਇੱਕ ਹਸਪਤਾਲ ਵਿੱਚ 30 ਅਕਤੂਬਰ ਨੂੰ ਦਾਖ਼ਲ ਕਰਵਾਇਆ ਗਿਆ ਸੀ। ਇਸੇ ਦੌਰਾਨ ਉਨ੍ਹਾਂ ਦਾ ਉੱਥੇ ਕੋਰੋਨਾ ਟੈਸਟ ਕੀਤਾ ਗਿਆ ਜੋ ਕਿ ਪੌਜ਼ੀਟਿਵ ਆਇਆ। ਥਾਣਾ ਮੁਖੀ ਨੇ ਕਿਹਾ ਕਿ ਨੌਨਿਹਾਲ ਸਿੰਘ ਆਪਣੀ ਡਿਊਟੀ ਨੂੰ ਹਮੇਸ਼ਾ ਇਮਾਨਦਾਰੀ ਨਾਲ ਕਰਦੇ ਸਨ ਅਤੇ ਹਰ ਦਿਲ ਅਜੀਜ਼ ਸਨ। ਉਨ੍ਹਾਂ ਨੇ ਕਿਹਾ ਨੌਨਿਹਲਾ ਸਿੰਘ ਦੇ ਕੋਰੋਨਾ ਕਾਰਨ ਇਸ ਦੁਨੀਆ ਤੋਂ ਜਾਣ ਦਾ ਸਮੁੱਚੇ ਥਾਣੇ ਨੂੰ ਬਹੁਤ ਦੁੱਖ ਹੈ ਅਤੇ ਇਸ ਦੁੱਖ ਦੀ ਘੜ੍ਹੀ ਸਾਰਾ ਮਹਿਕਮਾ ਪਰਿਵਾਰ ਦੇ ਨਾਲ ਖੜ੍ਹਾ ਹੈ।
ਇਸ ਮੌਕੇ ਪੁਲਿਸ ਮੁਲਾਜ਼ਮ ਅਤੇ ਨੌਨਿਹਾਲ ਸਿੰਘ ਦੇ ਰਿਸ਼ਤੇਦਾਰ ਸਤਨਾਮ ਸਿੰਘ ਨੇ ਦੱਸਿਆ ਕਿ ਨੌਨਿਹਾਲ ਸਿੰਘ ਆਪਣੇ ਪਿੱਛੇ ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਹੁਣ ਪਰਿਵਾਰ ਵਿੱਚ ਕੋਈ ਵੀ ਕਮਾਊ ਜੀਅ ਨਹੀਂ ਹੈ।