ਫਿਰੋਜ਼ਪੁਰ: ਹਰ ਸਾਲ ਆਜ਼ਾਦੀ ਦਿਹਾੜੇ ਮੌਕੇ ਪਾਕਿਸਤਾਨ (Pakistan) ਵੱਲੋਂ ਗਿੱਦੜ ਭਬਕੀਆਂ ਦਿੱਤੀਆਂ ਜਾਂਦੀਆਂ ਹਨ ਤੇ ਕਿਹਾ ਜਾਂਦਾ ਹੈ ਕਿ ਭਾਰਤ ਵਿੱਚ ਆਤੰਕੀ ਹਮਲੇ ਕੀਤੇ ਜਾਣਗੇ, ਇਸ ਗੱਲ ਨੂੰ ਲੈ ਕੇ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਬਾਰਡਰ ਦੇ ਨਜ਼ਦੀਕ ਖੇਤਾਂ ਵਿਚ ਡਰੋਨ ਰਾਹੀਂ ਹਥਿਆਰ ਤੇ ਗੋਲਾ ਬਾਰੂਦ ਸੁੱਟਿਆ ਗਿਆ ਜਿਸ ਨੂੰ ਵੇਖਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਪੰਜਾਬ ਭਰ ਵਿਚ ਰੈੱਡ ਅਲਰਟ ਕਰ ਦਿੱਤਾ ਤੇ ਬਾਰਡਰ ਇਲਾਕਿਆਂ ਨੂੰ ਸੀਲ ਕਰਵਾ ਦਿੱਤਾ।
ਇਸ ਨੂੰ ਵੇਖਦੇ ਹੋਏ ਈਟੀਵੀ ਭਾਰਤ ਦੀ ਟੀਮ ਜ਼ਿਲ੍ਹਾ ਫਿਰੋਜ਼ਪੁਰ ਦੇ ਬਾਰਡਰ ਏਰੀਏ ਵਿਚ ਮੁਆਇਨਾ ਕਰਨ ਪਹੁੰਚੀ ਤਾਂ ਦੇਖਿਆ ਕਿ ਪੰਜਾਬ ਪੁਲਿਸ ਵੱਲੋਂ ਨਾਕੇ ਲਗਾ ਕੇ ਸਖ਼ਤੀ ਨਾਲ ਚੈਕਿੰਗ ਕੀਤੀ ਜਾ ਰਹੀ ਹੈ ਤੇ ਇਸ ਬਾਰੇ ਜਦ ਏਐਸਆਈ ਕਰਨੈਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਡੀਜੀਪੀ ਦਿਨਕਰ ਗੁਪਤਾ ਵੱਲੋਂ ਸਖ਼ਤ ਹਦਾਇਤਾਂ ਦਿੱਤੀਆਂ ਗਈਆਂ ਹਨ ਕਿ ਕਿਸੇ ਵੀ ਸ਼ੱਕੀ ਸ਼ਖ਼ਸ ਨੂੰ ਵੇਖਦੇ ਹੀ ਸਖ਼ਤ ਕਾਰਵਾਈ ਕੀਤੀ ਜਾਵੇ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਥਾਵਾਂ ਤੇ ਸ਼ੱਕੀ ਲੋਕਾਂ ਨੂੰ ਲੈਕੇ ਤਲਾਸ਼ੀ ਮੁਹਿੰਮ ਵੀ ਚਲਾਈ ਗਈ ਹੈ। ਇਸ ਮੌਕੇ ਉਨ੍ਹਾਂ ਇਹ ਵੀ ਦੱਸਿਆ ਕਿ ਕਿਸੇ ਵੀ ਘਟਨਾ ਤੋਂ ਬਚਣ ਅਤੇ ਉਸ ਦਾ ਸਾਹਮਣਾ ਕਰਨ ਲਈ ਬੁਲਟ ਪਰੂਫ ਟਰੈਕਟਰ ਵੀ ਵਰਤਿਆ ਜਾ ਰਿਹਾ ਹੈ।