ਫਿਰੋਜ਼ਪੁਰ: ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ ਵੱਲੋਂ ਦਿੱਤੇ ਸੰਘਰਸ਼ ਦੇ ਅਨੁਸਾਰ ਠੇਕਾ ਮੁਲਾਜ਼ਮਾਂ (Contract employees) ਦੀਆਂ ਵੱਖ-ਵੱਖ ਜ਼ਿਲ੍ਹਿਆਂ ਜਿਵੇਂ ਫਿਰੋਜ਼ਪੁਰ, ਬਠਿੰਡਾ, ਸੰਗਰੂਰ, ਬਰਨਾਲਾ, ਮੋਗਾ, ਫ਼ਰੀਦਕੋਟ, ਫ਼ਾਜ਼ਿਲਕਾ, ਮੁਕਤਸਰ ਦੇ ਕਾਮਿਆਂ ਵੱਲੋਂ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠੇ ਹੋ ਕੇ ਸਤਲੁਜ ਦਰਿਆ ’ਤੇ ਬਣੇ ਬੰਗਾਲੀ ਵਾਲਾ ਪੁਲ ’ਤੇ ਕਸ਼ਮੀਰ ਤੋਂ ਬਠਿੰਡਾ ਨੈਸ਼ਨਲ ਹਾਈਵੇ (National Highway) ਨੂੰ ਮੁਕੰਮਲ ਤੌਰ ’ਤੇ ਜਾਮ ਕੀਤਾ ਗਿਆ।
ਇਸ ਜਾਮ ਵਿੱਚ ਠੇਕਾ ਮੁਲਾਜ਼ਮਾਂ (National Highway) ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ, ਭਾਰਤੀ ਕਿਸਾਨ ਯੂਨੀਅਨ ਏਕਤਾ ਡਕੋਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ, ਪੰਜਾਬ ਖੇਤ ਮਜ਼ਦੂਰ ਯੂਨੀਅਨ ,ਟੈਕਨੀਕਲ ਸਰਵਿਸਿਜ਼ ਯੂਨੀਅਨ ਭੰਗਲ ਦੇ ਆਗੂਆਂ ਅਤੇ ਵਰਕਰਾਂ ਵੱਲੋਂ ਭਰਵਾਂ ਸਮਰਥਨ ਦਿੱਤਾ ਗਿਆ ਹੈ।
ਆਗੂਆਂ ਵੱਲੋਂ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਜੇ ਇਸ ਸੰਘਰਸ਼ ਪ੍ਰੋਗਰਾਮ ਤੋਂ ਵੀ ਸਰਕਾਰ ਨੇ ਕੋਈ ਸਬਕ ਲੈਣ ਦਾ ਯਤਨ ਨਾ ਕੀਤਾ ਤਾਂ ਪਿੰਡਾਂ ਵਿੱਚ ਕਾਂਗਰਸ ਪਾਰਟੀ ਦੇ ਪ੍ਰੋਗਰਾਮਾਂ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸੱਥ ਵਿਚ ਘੇਰ ਕੇ ਸਵਾਲ ਕੀਤੇ ਜਾਣਗੇ ਅਤੇ ਸਵਾਲਾਂ ਦਾ ਜਵਾਬ ਦੇਣ ਲਈ ਮਜਬੂਰ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਨੈਸ਼ਨਲ ਹਾਈਵੇ ਜਾਮ ਕਰਨ ਦਾ ਸੱਦਾ ਇੱਕ ਹਫ਼ਤੇ ਦੇ ਅੰਦਰ ਅੰਦਰ ਦੁਬਾਰਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੰਘੇ ਅਰਸੇ ਤੋਂ ਹੀ ਸਾਡੀ ਸਰਕਾਰ ਪਾਸੋਂ ਮੰਗ ਰਹੀ ਹੈ ਕਿ ਜਦੋਂ ਸੇਵਾ ਤੇ ਇਨ੍ਹਾਂ ਬੁਨਿਆਦੀ ਅਦਾਰਿਆਂ ਦੀ ਸਮਾਜ ਨੂੰ ਸਥਾਈ ਲੋੜ ਹੈ ਤਾਂ ਇਨ੍ਹਾਂ ਵਿੱਚ ਰੁਜ਼ਗਾਰ ਠੇਕੇ ’ਤੇ ਕਿਉਂ ਹੈ ਪਰ ਸਰਕਾਰ ਲਗਾਤਾਰ ਸਾਡੇ ਸੰਘਰਸ਼ ਦੇ ਬਾਵਜੂਦ ਸਾਡੀ ਗੱਲ ਸੁਣਨ ਲਈ ਵੀ ਤਿਆਰ ਨਹੀਂ।
ਉਨ੍ਹਾਂ ਕਿਹਾ ਕਿ ਮਜ਼ਬੂਰੀ ਵੱਸ ਸਰਕਾਰ ਦੇ ਕੰਨਾਂ ਤੱਕ ਆਪਣੀ ਆਵਾਜ਼ ਪੁੱਜਦੀ ਕਰਨ ਲਈ ਅਤੇ ਰੈਗੂਲਰ ਹੋਣ ਦੇ ਆਪਣੇ ਕਾਨੂੰਨੀ ਅਧਿਕਾਰ ਦੀ ਪ੍ਰਾਪਤੀ ਲਈ ਸੰਘਰਸ਼ ਦੇ ਰਾਹ ਤੁਰਨਾ ਪਿਆ ਹੈ। ਮੰਗਾਂ ਦਾ ਜ਼ਿਕਰ ਕਰਦੇ ਹੋਏ ਆਗੂਆਂ ਵੱਲੋਂ ਦੱਸਿਆ ਗਿਆ ਕਿ ਜਿੰਨ੍ਹਾਂ ਸਰਕਾਰੀ ਵਿਭਾਗਾਂ ’ਚ ਕੰਮ ਕਰਦੇ ਹਾਂ ਉਨ੍ਹਾਂ ਵਿੱਚ ਸਾਡੀ ਮੰਗ ਹੈ ਕਿ ਜਦੋਂ ਰੈਗੂਲਰ ਮੁਲਾਜ਼ਮਾਂ ਅਤੇ ਠੇਕਾ ਮੁਲਾਜ਼ਮਾਂ ਦਾ ਕੰਮ ਬਰਾਬਰ ਹੈ ਤਾਂ ਫਿਰ ਬਰਾਬਰ ਕੰਮ ਲਈ ਬਰਾਬਰ ਤਨਖਾਹ ਦਿੱਤੀ ਜਾਵੇ ਪਰ ਪੰਜਾਬ ਸਰਕਾਰ ਖ਼ੁਦ ਆਪਣੇ ਬਣਾਏ ਕਾਨੂੰਨ ਦੀ ਉਲੰਘਣਾ ਕਰ ਕੇ ਤਨਖਾਹ ਅਦਾਇਗੀ ਵਿੱਚ ਵੀ ਠੇਕਾ ਕਾਮਿਆਂ ਨਾਲ ਵਿਤਕਰੇ ਵਾਲਾ ਗ਼ੈਰਕਾਨੂੰਨੀ ਵਿਹਾਰ ਲਾਗੂ ਕਰ ਰਹੀ ਹੈ।
ਇਹ ਵੀ ਪੜ੍ਹੋ: ਪਠਾਨਕੋਟ ਹੈਂਡ ਗ੍ਰਨੇਡ ਮਾਮਲਾ: ਜਾਂਚ ਨੂੰ ਲੈ ਕੇ ਡਿਪਟੀ CM ਰੰਧਾਵਾ ਵੱਲੋਂ ਉੱਚ ਅਧਿਕਾਰੀਆਂ ਨਾਲ ਹਾਈਲੈਵਲ ਮੀਟਿੰਗ