ਫ਼ਿਰੋਜ਼ਪੁਰ: ਇੱਥੋਂ ਦੇ ਮੱਖੂ ਥਾਣੇ ਅਧੀਨ ਪੈਂਦੇ ਪਿੰਡ ਚਾਹਲ ਦੀ ਰਾਜਪਾਲ ਕੌਰ ਦੇ ਪਤੀ ਦਾ ਉਸ ਦੇ ਸਹੁਰੇ ਪਰਿਵਾਰ ਵਾਲਿਆਂ ਨੇ ਕਤਲ ਕਰ ਦਿੱਤਾ। ਦੱਸ ਦਈਏ, ਰਾਜਪਾਲ ਕੌਰ 2018 ਵਿੱਚ ਕੰਮ ਕਰਨ ਲਈ ਮਲੇਸ਼ੀਆ ਗਈ ਸੀ ਜਿਸ ਮਗਰੋਂ ਉਸ ਦੇ ਪਤੀ ਦਾ ਕਤਲ ਕਰ ਦਿੱਤਾ ਗਿਆ।
ਰਾਜਪਾਲ ਆਪਣੇ 2 ਬੱਚਿਆਂ ਨੂੰ ਨਾਨਕੇ ਪਰਿਵਾਰ ਵਾਲਿਆਂ ਕੋਲ ਛੱਡ ਕੇ ਗਈ ਸੀ ਤੇ ਉਸ ਦਾ ਪਤੀ ਆਪਣੇ ਪਰਿਵਾਰ ਵਾਲਿਆਂ ਨਾਲ ਹੀ ਰਹਿ ਰਿਹਾ ਸੀ। ਇਸ ਦੇ ਨਾਲ ਹੀ ਰਾਜਪਾਲ ਕੌਰ ਨੇ ਆਪਣੇ ਸਹੁਰੇ ਪਰਿਵਾਰ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਮੇਰੇ ਪਤੀ ਰਾਜਬੀਰ ਸਿੰਘ ਦਾ ਆਪਣੀ ਮਾਂ ਅਤੇ 2 ਭੈਣਾਂ ਨਾਲ ਜਾਇਦਾਦ ਨੂੰ ਲੈ ਕੇ ਵਿਵਾਦ ਰਹਿੰਦਾ ਸੀ, ਪਰ ਉਸ ਦੀ ਮਾਂ ਤੇ ਭੈਣਾਂ ਉਸ ਨੂੰ ਜ਼ਾਇਦਾਦ 'ਚੋਂ ਨਹੀਂ ਦੇਣਾ ਚਾਹੁੰਦੇ ਸਨ।
ਇਸ ਦੇ ਚੱਲਦਿਆਂ ਰਾਜਬੀਰ ਦੀ ਮਾਂ ਤੇ ਭੈਣ ਨੇ ਉਸ ਨੂੰ ਖੀਰ 'ਚ ਜ਼ਹਿਰ ਪਾ ਕੇ ਮਾਰ ਦਿੱਤਾ ਤੇ ਚੁਪ-ਚੁਪੀਤੇ ਸਸਕਾਰ ਵੀ ਕਰ ਦਿੱਤਾ। ਰਾਜਪਾਲ ਨੇ ਕਿਹਾ ਕਿ ਮੇਰੀ ਸੱਸ ਤੇ ਨਣਦ ਨੇ ਆਪਣੇ ਪੁੱਤਰ ਨੂੰ ਮਾਰ ਦਿੱਤਾ ਤੇ ਮੈਨੂੰ ਕੋਈ ਜਾਣਕਾਰੀ ਵੀ ਨਹੀਂ ਦਿੱਤੀ। ਇਸ ਤੋਂ ਬਾਅਦ ਜਦੋਂ ਮੈਨੂੰ ਪਤਾ ਲੱਗਿਆ ਤਾਂ ਮੈਂ ਭਾਰਤ ਵਾਪਿਸ ਆ ਕੇ ਆਪਣੇ ਪਤੀ ਦੀ ਮੈਡੀਕਲ ਰਿਪੋਰਟ ਕਢਵਾਈ ਤਾਂ ਉਸ ਜਿਸ ਵਿੱਚ ਲਿੱਖਿਆ ਹੋਇਆ ਸੀ ਕਿ ਉਸ ਦੀ ਮੌਤ ਜ਼ਹਿਰੀਲੀ ਚੀਜ਼ ਖਾਣ ਨਾਲ ਹੋਈ। ਹੁਣ ਪੀੜਤ ਰਾਜਪਾਲ ਦਾ ਕਹਿਣਾ ਹੈ ਕਿ ਉਹ ਇਨਸਾਫ਼ ਲਈ ਪੁਲਿਸ ਤੇ ਅਫ਼ਸਰਾਂ ਕੋਲ ਜਾ ਰਹੀ ਹੈ ਪਰ ਉਸ ਦੀ ਕਿਸੇ ਪਾਸੋਂ ਸੁਣਵਾਈ ਨਹੀਂ ਹੋ ਰਹੀ।