ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲ੍ਹੇ ਦੇ ਗੁਰੂਹਰਸਹਾਏ ਤੋਂ ਇਕ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਥੇ ਇਕ ਨੌਜਵਾਨ ਹੜ੍ਹ ਦੇ ਪਾਣੀ 'ਚ ਡੁੱਬਦਾ ਮਦਦ ਮੰਗ ਰਿਹਾ ਸੀ, ਪਰ ਲੋਕ ਕੰਢੇ 'ਤੇ ਖੜ੍ਹੇ ਹੋ ਕੇ ਵੀਡੀਓ ਬਣਾਉਂਦੇ ਰਹੇ। ਕਿਸੇ ਨੇ ਵੀ ਉਸ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਅਖੀਰ ਉਕਤ ਨੌਜਵਾਨ ਦੀ ਮੌਤ ਹੋ ਗਈ। ਇਸ ਘਟਨਾ ਸਬੰਧੀ ਇਕ ਵੀਡੀਓ ਵੀ ਸਾਹਮਣੇ ਆਈ ਹੈ।
ਪੁਲ਼ ਉਤੇ ਖੜ੍ਹ ਕੇ ਪਾਣੀ ਦਾ ਵਹਾਅ ਦੇਖ ਰਿਹਾ ਸੀ ਨੌਜਵਾਨ : ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਜਗਦੀਸ਼ ਸਿੰਘ ਪੁੱਤਰ ਵੀਰ ਸਿੰਘ ਭਗਤ ਵਾਸੀ ਪਿੰਡ ਨੌਬਹਿਰਾਮ ਸ਼ੇਰ ਸਿੰਘ ਵਾਲਾ ਵਜੋਂ ਹੋਈ ਹੈ। ਸਿਆ ਜਾ ਰਿਹਾ ਹੈ ਕਿ ਇਹ ਹਾਦਸਾ ਸ਼ੁੱਕਰਵਾਰ ਸ਼ਾਮ ਨੂੰ ਉਸ ਸਮੇਂ ਵਾਪਰਿਆ ਜਦੋਂ ਪਿੰਡ ਨੇੜੇ ਸਤਲੁਜ ਦਰਿਆ ਦਾ ਪਾਣੀ ਤੇਜ਼ ਵਹਿ ਰਿਹਾ ਸੀ। ਜਗਦੀਸ਼ ਪੁਲ ਦੇ ਉੱਪਰ ਸਤਲੁਜ ਦਰਿਆ ਦੇ ਤੇਜ਼ ਵਹਾਅ ਨੂੰ ਦੇਖ ਰਿਹਾ ਸੀ। ਇਸ ਦੌਰਾਨ ਉਸਦਾ ਪੈਰ ਫਿਸਲ ਗਿਆ ਅਤੇ ਉਹ ਨਦੀ ਵਿੱਚ ਡਿੱਗ ਗਿਆ। ਜਗਦੀਸ਼ ਨੇ ਡੁੱਬਣ ਤੋਂ ਬਚਣ ਲਈ ਬਹੁਤ ਯਤਨ ਕੀਤੇ ਪਰ ਸਤਲੁਜ ਦੇ ਤੇਜ਼ ਵਹਾਅ ਵਿੱਚ ਉਹ ਰੁੜ੍ਹ ਗਿਆ। ਅਖੀਰ ਉਸ ਦੀ ਲਾਸ਼ ਹੀ ਪਾਣੀ ਵਿੱਚੋਂ ਬਾਹਰ ਆਈ। ਜਗਦੀਸ਼ ਆਪਣੇ ਪਿੱਛੇ ਪਤਨੀ ਅਤੇ 2 ਬੱਚੇ ਛੱਡ ਗਿਆ ਹੈ।
ਡੁੱਬਦੇ ਨੌਜਵਾਨ ਨੂੰ ਬਚਾਉਣ ਦੀ ਬਜਾਏ ਵੀਡੀਓ ਬਣਾਉਂਦੇ ਰਹੇ ਲੋਕ: ਹੈਰਾਨੀ ਦੀ ਗੱਲ ਇਹ ਹੈ ਕਿ ਜਦੋਂ ਨੌਜਵਾਨ ਡੁੱਬ ਰਿਹਾ ਸੀ ਤਾਂ ਉਸ ਨੂੰ ਬਚਾਉਣ ਦੀ ਬਜਾਏ ਬਾਹਰ ਖੜ੍ਹੇ ਨੌਜਵਾਨ ਉਸ ਦੇ ਡੁੱਬਣ ਦੀ ਵੀਡੀਓ ਬਣਾਉਣ ਵਿੱਚ ਲੱਗੇ ਹੋਏ ਸਨ। ਇਹ ਮਨੁੱਖਤਾ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸੀ।
ਸਰਹੱਦੀ ਪਿੰਡ ਨੂੰ ਜੋੜਨ ਵਾਲਾ ਪੁਲ ਪਾਣੀ ਵਿੱਚ ਰੁੜ੍ਹਿਆ: ਸਰਹੱਦੀ ਪਿੰਡ ਫਿਰੋਜ਼ਪੁਰ ਨੂੰ ਜੋੜਨ ਵਾਲਾ ਇਕਲੌਤਾ ਪੁਲ਼ ਸਤਲੁਜ ਦਰਿਆ ਦੇ ਵਹਾਅ ਨਾਲ ਰੁੜ੍ਹ ਗਿਆ। ਇਸ ਕਾਰਨ ਕਰੀਬ 20-22 ਪਿੰਡਾਂ ਦਾ ਸੰਪਰਕ ਟੁੱਟ ਗਿਆ ਹੈ। ਇਸ ਦੌਰਾਨ ਪਿੰਡਾਂ ਵਿੱਚ ਪਾਣੀ ਦਾਖਲ ਹੋਣ ਕਾਰਨ ਲੋਕਾਂ ਵਿੱਚ ਹਾਹਾਕਾਰ ਮੱਚ ਗਈ। ਜਾਣਕਾਰੀ ਅਨੁਸਾਰ ਸਤਲੁਜ ਦਰਿਆ ’ਚ ਪਾਣੀ ਦੇ ਤੇਜ਼ ਵਹਾਅ ਕਾਰਨ ਸਰਹੱਦੀ ਪਿੰਡ ਗੱਟੀ ਰਾਜੋਕੇ ਕੋਲ ਬੈਂਕ ਟੁੱਟ ਗਿਆ ਅਤੇ ਹਜ਼ਾਰਾ ਝੁੱਗੇ ਵਾਲਾ ਨੇੜੇ ਪੁਲ ਰੁੜ੍ਹ ਗਿਆ, ਜਿਸ ਕਾਰਨ ਲੋਕਾਂ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੰਨ੍ਹ ਟੁੱਟਣ ਕਾਰਨ ਗੱਦੀ ਰੱਜੋ ਕੀ ਸਮੇਤ ਕਈ ਪਿੰਡਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ।