ਫਿਰੋਜ਼ਪੁਰ: ਪੰਜਾਬ ਰੋਡਵੇਜ਼ ਦੀ ਵਰਕਸ਼ਾਪ ਵਿੱਚ ਘਪਲੇਬਾਜ਼ੀ ਹੋਈ ਹੈ, ਜਿਸਦਾ ਖੁਲਾਸਾ ਇੱਕ ਕਰਮਚਾਰੀ ਦੁਆਰਾ ਕੀਤਾ ਗਿਆ ਹੈ। ਇਸ ਮਾਮਲੇ ਸੰਬੰਧੀ ਜੀਐੱਮ (GM) ਰਿਸ਼ੀ ਕੁਮਾਰ ਨੇ ਇਸ ਘਪਲੇ 'ਚ ਸ਼ਾਮਲ ਹੋਣ ਵਾਲੇ ਮੁਲਾਜ਼ਮ ਅਤੇ ਈਸ਼ਰ ਕੰਪਨੀ ਦੀ ਵਰਕਸ਼ਾਪ (Isher Company Workshop) ਖਿਲਾਫ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।
ਦੱਸ ਦੇਈਏ ਕਿ ਇਹ ਮਾਮਲਾ ਜ਼ੀਰਾ ਬੱਸ ਸਟੈਂਡ (Zira bus stand) ਦਾ ਹੈ। ਮੋਗਾ ਡੀਪੂ (Moga Depu) ਦੀ ਬੱਸ ਨੰਬਰ PB 29X2840 ਜੋ ਕਿ ਈਸ਼ਰ ਕੰਪਨੀ ਦੀ ਹੈ, ਉਸ ਵਿਚ ਕੋਈ ਨੁਕਸ ਪੈ ਗਿਆ, ਜਿਸ ਨੂੰ ਠੀਕ ਕਰਵਾਉਣ ਵਾਸਤੇ ਈਸ਼ਰ ਕੰਪਨੀ ਦੇ ਸਰਵਿਸ ਸੈਂਟਰ ਸਾਹਨੇਵਾਲ ਭੇਜਿਆ ਗਿਆ ਸੀ।
ਜਦ ਇਸ ਬਸ ਨੂੰ ਲੈ ਕੇ ਡਰਾਈਵਰ ਕਰੀਬ 10 ਤੋ12 ਦਿਨ ਬਾਅਦ ਵਾਪਸ ਆਇਆ ਤਾਂ ਕੀ ਦੇਖਿਆ ਕਿ ਸਾਮਾਨ ਤਾਂ ਬਦਲਿਆ ਹੀ ਨਹੀਂ ਪਰ ਬਿਲ 24043/- ਰੁਪਏ ਬਣਾ ਕੇ ਡਿਪਾਰਟਮੈਂਟ ਨੂੰ ਭੇਜ ਦਿੱਤਾ। ਇਸ ਸਭ ਘਟਨਾ ਦੀ ਜਾਣਕਾਰੀ ਪੰਜਾਬ ਰੋਡਵੇਜ਼ ਵਿਚ ਕੰਮ ਕਰਨ ਵਾਲੇ ਪਰਮਿੰਦਰ ਸਿੰਘ ਵੱਲੋਂ ਦਿੱਤੀ ਗਈ ।
ਇਸ ਬਾਬਤ ਜਦ ਜੀਐੱਮ ਰਿਸ਼ੀ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਣਕਾਰੀ ਮੈਨੂੰ ਵੀ ਬਾਹਰੋਂ ਮਿਲੀ ਹੈ। ਜਦਕਿ ਮੁਲਾਜ਼ਮਾਂ ਵੱਲੋਂ ਇਸ ਦੀ ਜਾਣਕਾਰੀ ਮੈਨੂੰ ਪਹਿਲ ਦੇ ਅਧਾਰ ਤੇ ਦੇਣੀ ਬਣਦੀ ਸੀ।
ਉਨ੍ਹਾਂ ਕਿਹਾ ਕਿ ਮੈਂ ਇਸ ਘਟਨਾ ਦੀ ਸਾਰੀ ਛਾਣਬੀਣ ਕਰ ਕੇ ਦੇਖਾਂਗਾ, ਕਿ ਇਸ ਵਿੱਚ ਦੋਸ਼ੀ ਕੌਣ ਕੌਣ ਹਨ। ਜੇ ਕੋਈ ਸਾਡੀ ਵਰਕਸ਼ਾਪ ਦਾ ਮੁਲਾਜ਼ਮ ਦੋਸ਼ੀ ਪਾਇਆ ਗਿਆ ਤਾਂ ਉਸ ਖ਼ਿਲਾਫ਼ ਐਫਆਈਆਰ ਦਰਜ ਕਰਵਾਈ ਜਾਵੇਗੀ ਅਤੇ ਇਸ ਈਸ਼ਰ ਕੰਪਨੀ ਦੀ ਵਰਕਸ਼ਾਪ ਨੂੰ ਵੀ ਬਲੈਕ ਲਿਸਟ ਕਰਕੇ ਇਸ ਉਪਰ ਵੀ ਕਾਰਵਾਈ ਕੀਤੀ ਜਾਵੇਗੀ।
ਜਿਕਰਯੋਗ ਹੈ ਕਿ ਨਵੀਂ ਬਣੀ ਸਰਕਾਰ ਜੋ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਅਗਵਾਈ ਵਿੱਚ ਚਲਾਈ ਜਾ ਰਹੀ ਹੈ, ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਹਰ ਤਰ੍ਹਾਂ ਦੀ ਘਪਲੇਬਾਜ਼ੀ ਖ਼ਤਮ ਕਰ ਦਿੱਤੀ ਜਾਵੇਗੀ। ਪਰ ਇਸ ਤੇ ਠੱਲ੍ਹ ਪਾਉਣਾ ਇੱਕ ਮੁਸ਼ਕਿਲ ਕੰਮ ਹੈ, ਕਿਉਂਕਿ ਇਹ ਘਪਲੇਬਾਜ਼ੀਆਂ ਦਾ ਫੈਲਾਅ ਬਹੁਤ ਵੱਡਾ ਹੈ।
ਇਹ ਵੀ ਪੜ੍ਹੋ: ਰਾਜਾ ਵੜਿੰਗ ਨੇ ਟਰਾਂਸਪੋਰਟ ਵਿਭਾਗ ਦੇ 21 ਦਿਨਾਂ ਦੀ ਕਾਰਗੁਜ਼ਾਰੀ ਦਾ ਰਿਪੋਰਟ ਕਾਰਡ ਕੀਤਾ ਪੇਸ਼