ਫਿਰੋਜ਼ਪੁਰ : ਤਾਲਾਬੰਦੀ ਖੁਲ੍ਹਣ ਮਗਰੋਂ ਸ਼ਹਿਰ 'ਚ ਅਪਰਾਧਕ ਘਟਨਾਵਾਂ ਵੱਧ ਗਈਆਂ ਹਨ। ਫਿਰੋਜ਼ਪੁਰ ਪੁਲਿਸ ਨੇ ਸ਼ਹਿਰ 'ਚ ਲੁੱਟਾਂ-ਖੋਹਾਂ ਕਰਨ ਵਾਲੇ ਇੱਕ ਗਿਰੋਹ ਦੇ 6 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਤੇ ਲੁੱਟੇ ਗਏ 32 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ।
ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡੀਐਸਪੀ ਬਰਿੰਦਰ ਸਿੰਘ ਨੇ ਦੱਸਿਆ ਕਿ ਦੇਰ ਰਾਤ ਉਨ੍ਹਾਂ ਨੂੰ ਮੁਖਬਰੀ ਕੋਲੋਂ ਕੁੱਝ ਸ਼ਰਾਰਤੀ ਅਨਸਰਾਂ ਵੱਲੋਂ ਸ਼ਹਿਰ ਦੇ ਇੱਕ ਸੁਨਸਾਨ ਇਲਾਕੇ ਨੇੜੇ ਲੁੱਟ ਕਰਨ ਦੀ ਯੋਜਨਾ ਬਣਾਉਣ ਸਬੰਧੀ ਸੂਚਨਾ ਮਿਲੀ। ਸੂਚਨਾ 'ਤੇ ਕਾਰਵਾਈ ਕਰਦਿਆਂ ਉਨ੍ਹਾਂ ਪੁਲਿਸ ਟੀਮ ਨਾਲ ਮਿਲ ਕੇ ਡੇਅਰੀ ਬਸਤੀ ਭੱਟੀਆ ਕੋਲੋਂ ਝਾੜੀਆਂ ਚੋਂ 6 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ।
ਡੀਐਸਪੀ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਸੁਰਜੀਤ ਸਿੰਘ, ਗੁਰਪ੍ਰੀਤ ਸਿੰਘ,ਵਿੱਕੀ, ਸ਼ਮਸ਼ੇਰ ਸਿੰਘ, ਸੰਨੀ,ਪੰਮਾ ਵਜੋਂ ਹੋਈ ਹੈ। ਇਹ 6 ਮੁਲਜ਼ਮ ਨਸ਼ੇ ਦੇ ਆਦੀ ਸਨ, ਜਿਸ ਨੂੰ ਪੂਰਾ ਕਰਨ ਲਈ ਇਹ ਹਥਿਆਰ ਵਿਖਾ ਕੇ ਲੋਕਾਂ ਤੋਂ ਲੁੱਟ ਖੋਹ ਕਰਦੇ ਸਨ। ਪੁਲਿਸ ਨੇ ਮੁਲਜ਼ਮਾਂ ਕੋਲੋਂ ਚੋਰੀ ਕੀਤੇ ਗਏ ਤੇ ਲੋਕਾਂ ਲੁੱਟੇ ਗਏ 32 ਮੋਟਰਸਾਈਕਲ ਬਰਾਮਦ ਕੀਤੇ ਹਨ। ਇਨ੍ਹਾਂ ਚੋਂ ਕੁੱਝ ਮੁਲਜ਼ਮਾਂ ਉੱਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲਿਸ ਵੱਲੋਂ ਮੁਲਜ਼ਮਾਂ ਖਿਲਾਫ ਕਾਰਵਾਈ ਜਾਰੀ ਹੈ। ਮੁਲਜ਼ਮਾਂ ਨੂੰ ਅਦਾਲਤ 'ਚ ਪੇਸ਼ ਕਰ ਪੁਲਿਸ ਉਨ੍ਹਾਂ ਖਿਲਾਫ ਰਿਮਾਂਡ ਹਾਸਲ ਕਰੇਗੀ।