ਜ਼ੀਰਾ: ਨਾਜਾਇਜ਼ ਸਬੰਧਾਂ ਨੂੰ ਸਿਰ੍ਹੇ ਨਾ ਚੜ੍ਹਦਾ ਵੇਖ ਇੱਕ ਪ੍ਰੇਮੀ ਜੋੜੇ ਨੇ ਕੋਈ ਜ਼ਹਿਰੀਲੀ ਚੀਜ਼ ਖਾ ਕੇ ਜੀਵਨ ਲੀਲਾ ਸਮਾਪਤ ਕਰ ਲਈ ਹੈ। ਮ੍ਰਿਤਕ ਮਨਜੀਤ ਮਸੀਹ ਵਿਆਹਿਆ ਹੋਇਆ ਸੀ, ਜੋ ਦੋ ਬੱਚੀਆਂ ਤੇ ਇੱਕ ਲੜਕੇ ਦਾ ਬਾਪ ਸੀ। ਪੁਲਿਸ ਨੇ ਮਾਮਲੇ ਵਿੱਚ ਜਾਂਚ ਅਰੰਭ ਦਿੱਤੀ ਹੈ।
ਮਾਮਲੇ ਸਬੰਧੀ ਨੂਰਪੁਰ ਮਾਛੀਵਾੜੇ ਦੇ ਰਹਿਣ ਵਾਲੇ ਮਨਜੀਤ ਮਸੀਹ ਦੇ ਭਰਾ ਗੁਰਮੀਤ ਮਸੀਹ ਨੇ ਦੱਸਿਆ ਕਿ ਉਸ ਦਾ ਭਰਾ ਇੱਕ ਫ਼ੈਕਟਰੀ ਵਿੱਚ ਟਾਈਲਾਂ ਲਾਉਣ ਦੀ ਠੇਕੇਦਾਰੀ ਦਾ ਕੰਮ ਕਰਦਾ ਸੀ। ਫੈਕਟਰੀ ਵਿੱਚ ਗਗਨਦੀਪ ਕੌਰ ਪਿੰਡ ਹੋਲਾਂ, ਜੋ ਗੋਦਾਮਾਂ ਵਾਲੀ ਬਸਤੀ ਵਿਖੇ ਰਹਿ ਰਹੀ ਸੀ।
ਗਗਨਦੀਪ ਕੌਰ ਆਪਣੀ ਮਾਤਾ ਨਾਲ ਲੰਮੇ ਸਮੇਂ ਤੋਂ ਫੈਕਟਰੀ ਵਿੱਚ ਕੰਮ ਕਰ ਰਹੀ ਸੀ। ਇਸ ਦੌਰਾਨ ਉਸ ਦੇ ਮਨਜੀਤ ਮਸੀਹ ਨਾਲ ਨਾਜਾਇਜ਼ ਸਬੰਧ ਬਣ ਗਏ ਸਨ। ਹੁਣ ਇਹ ਦੋਵੇਂ ਆਪਸ ਵਿੱਚ ਵਿਆਹ ਕਰਵਾਉਣਾ ਚਾਹੁੰਦੇ ਸਨ। ਪਰੰਤੂ ਮਨਜੀਤ ਮਸੀਹ ਪਹਿਲਾਂ ਹੀ ਵਿਆਹਿਆ ਹੋਇਆ ਸੀ। ਉਸ ਦੇ ਦੋ ਕੁੜੀਆਂ ਅਤੇ ਇੱਕ ਮੁੰਡਾ ਹੈ। ਮਨਜੀਤ ਮਸੀਹ ਦੇ ਦੂਜੇ ਵਿਆਹ ਨੂੰ ਲੈ ਕੇ ਉਸਦਾ ਪਰਿਵਾਰ ਰਾਜ਼ੀ ਨਹੀਂ ਸੀ।
ਉਧਰ, ਕੁੜੀ ਗਗਨਦੀਪ ਕੌਰ ਦਾ ਪਰਿਵਾਰ ਵੀ ਮਨਜੀਤ ਮਸੀਹ ਦੇ ਵਿਆਹੇ ਹੋਣ ਕਾਰਨ ਵਿਆਹ ਲਈ ਰਾਜ਼ੀ ਨਹੀਂ ਸਨ। ਇਸ ਕਾਰਨ ਦੋਵਾਂ ਨੇ ਪਰਿਵਾਰਾਂ ਦੇ ਰਾਜੀ ਨਾ ਹੋਣ ਕਾਰਨ ਐਤਵਾਰ ਨੂੰ ਕੋਈ ਜ਼ਹਿਰੀਲੀ ਦਵਾਈ ਪੀ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਮਾਮਲੇ ਸਬੰਧੀ ਏਐਸਆਈ ਗੁਰਦੀਪ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਦੋਵਾਂ ਪਰਿਵਾਰਾਂ ਦੀ ਰਜ਼ਾਮੰਦੀ ਨਾਲ 174 ਦੀ ਕਾਰਵਾਈ ਕਰਕੇ ਗਗਨਦੀਪ ਕੌਰ ਅਤੇ ਮਨਜੀਤ ਮਸੀਹ ਦਾ ਪੋਸਟਮਾਰਟਮ ਕਰਾਉਣ ਤੋਂ ਬਾਅਦ ਲਾਸ਼ਾਂ ਪਰਿਵਾਰਾਂ ਨੂੰ ਸੌਂਪ ਦਿੱਤੀਆਂ ਹਨ।