ਫਿਰੋਜ਼ਪੁਰ: ਫਿਰੋਜ਼ਪੁਰ ਦੇ ਹਰੀਕੇ ਹੇਡ ਉੱਤੇ ਸੁਖਬੀਰ ਬਾਦਲ ਨੇ ਆਪਣੀ ਸਰਕਾਰ ਵੇਲੇ ਵਿਦੇਸ਼ ਤੋਂ ਪਾਣੀ ਵਾਲੀ ਬੱਸ ਮੰਗਾਂ ਸੈਲਾਨੀਆਂ ਲਈ ਇੱਕ ਟੂਰਿਸਟ ਥਾਂ ਤਿਆਰ ਕੀਤਾ ਗਿਆ ਸੀ। ਪਰ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਆਈ ਤਾਂ ਇਸ ਬੱਸ ਨੂੰ ਬੰਦ ਕਰ ਕਰੋੜਾਂ ਰੁਪਏ ਮਿੱਟੀ ਕਰ ਦਿੱਤੇ ਗਏ ਸੀ। ਪਰ ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਥਾਂ ਨੂੰ ਅੱਗੇ ਵਧਾਉਣ ਜਾ ਰਹੀ ਹੈ। ਇਸ ਤਹਿਤ ਇਸ ਥਾਂ ਨੂੰ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਸੈਲਾਨੀਆਂ ਲਈ ਘੁੰਮਣ ਵਾਲੀ ਥਾਂ ਬਣਾਈ ਜਾਵੇਗੀ।
30 ਲੱਖ ਰੁਪਏ ਮੌਕੇ ਉੱਤੇ ਹੀ ਵਿਭਾਗ ਨੂੰ ਜਾਰੀ:- ਪੰਛੀ ਦਿਵਸ ਮੌਕੇ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਅਤੇ ਲਾਲਜੀਤ ਸਿੰਘ ਭੁੱਲਰ ਹਰੀਕੇ ਪਹੁੰਚੇ। ਜਿੱਥੇ ਉਨ੍ਹਾਂ ਵੱਲੋਂ ਹਰੀਕੇ ਪੱਤਣ ਦਰਿਆਵਾਂ ਵਿਚ ਕਿਸ਼ਤੀਆਂ ਰਾਹੀਂ ਸੈਰ ਕਰਦੇ ਹੋਏ ਵਿਭਾਗ ਦੇ ਅਧਿਕਾਰੀਆਂ ਕੋਲੋਂ ਪੰਛੀਆਂ ਅਤੇ ਜਾਨਵਰਾਂ ਬਾਰੇ ਜਾਣਕਾਰੀ ਲਈ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਇਨਸਾਨ ਨੂੰ ਸੁਵਿਧਾਵਾਂ ਦੇਣ ਵਾਸਤੇ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾਂਦੇ ਹਨ। ਉਸੇ ਤਰ੍ਹਾਂ ਪੰਛੀਆਂ ਦੀ ਦੇਖ-ਰੇਖ ਵਾਸਤੇ ਸਾਨੂੰ ਚੰਗੇ ਢੰਗ ਨਾਲ ਪ੍ਰਬੰਧ ਕਰਨੇ ਚਾਹੀਦੇ ਹਨ। ਸਰਕਾਰ ਵੱਲੋਂ ਇਕ ਪ੍ਰੋਗਰਾਮ ਕੀਤਾ ਗਿਆ ਕੈਬਿਨੇਟ ਮੰਤਰੀ ਪੰਜਾਬ ਵੱਲੋਂ 1 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਵੀ ਕੀਤਾ ਗਿਆ। ਜਿਸ ਵਿੱਚੋਂ 30 ਲੱਖ ਰੁਪਏ ਮੌਕੇ ਉੱਤੇ ਹੀ ਵਿਭਾਗ ਨੂੰ ਜਾਰੀ ਕੀਤੇ ਗਏ।
ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ:- ਇਸ ਦੌਰਾਨ ਹੀ ਮੰਤਰੀ ਲਾਲ ਚੰਦ ਕਟਾਰੂਚੱਕ ਨੇ ਕਿਹਾ ਜਿੱਥੇ ਸਰਕਾਰ ਵੱਲੋਂ ਸੈਲਾਨੀਆਂ ਵਾਸਤੇ ਟੂਰਿਸਟ ਥਾਂ ਬਨਾਉਣ ਦੀ ਗੱਲ ਵੀ ਕਹੀ। ਜਿਸ ਨਾਲ ਇਲਾਕੇ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਵਿਦੇਸ਼ਾਂ ਤੋਂ ਵੱਖ-ਵੱਖ ਪੰਛੀ ਜੋ ਮੌਸਮ ਦੀ ਤਬਦੀਲੀ ਕਾਰਨ ਇੱਥੇ ਆਉਂਦੇ ਹਨ। ਉਨ੍ਹਾਂ ਦੀ ਜਾਣਕਾਰੀ ਦੇਣ ਵਾਸਤੇ ਇੱਕ ਸੈਕਟਰ ਬਣਾਇਆ ਜਾਵੇਗਾ ਅਤੇ ਪਾਣੀ ਵਿਚ ਰਹਿਣ ਵਾਲੇ ਜੀਵ ਜੰਤੂਆਂ ਬਾਰੇ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ।