ਫਿਰੋਜ਼ਪੁਰ: ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਜ਼ੀਰਾ ਵਿਚ ਸੁਨ੍ਹੇਰ ਰੋਡ ’ਤੇ ਰਹਿਣ ਵਾਲੇ ਮਸੀਹ ਪਰਿਵਾਰ ਦੀ ਇਕ ਔਰਤ ਵੱਲੋਂ ਆਪਣੇ ਦੁਪੱਟੇ ਨਾਲ ਫਾਹਾ ਲੈਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ। ਮਾਮਲੇ ਵਿੱਚ ਮ੍ਰਿਤਕ ਦਾ ਪਰਿਵਾਰ ਉਸਦੇ ਪਤੀ ਉੱਤੇ ਕੁੱਟ ਮਾਰ ਕਰਨ ਦਾ ਇਲਜ਼ਾਮ ਲਗਾ ਰਿਹਾ ਹੈ। ਦੂਜੇ ਪਾਸੇ ਪੁਲਿਸ ਵੱਲੋਂ ਧਾਰਾ 174 ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪਤੀ ਉੱਤੇ ਲੱਗੇ ਇਲਜ਼ਾਮ: ਮ੍ਰਿਤਕਾ ਦੇ ਪਰਿਵਾਰਿਕ ਮੈਂਬਰਾਂ ਮੁਤਾਬਿਕ ਮੋਗਾ ਦੇ ਪਿੰਡ ਧੂਲਕੋਟ ਦੀ ਰਹਿਣ ਵਾਲੀ ਬੇਅੰਤ ਕੌਰ ਉਰਫ ਨਿਸ਼ਾ ਦਾ ਵਿਆਹ ਵੀਹ ਸਾਲਾਂ ਪਹਿਲਾਂ ਜ਼ੀਰਾ ਸਨ੍ਹੇਰ ਰੋਡ ਵਾਸੀ ਨਾਜਰ ਮਸੀਹ ਨਾਲ ਹੋਈ ਸੀ ਜੋ ਕਿ ਇੱਕ ਸਰਕਾਰੀ ਅਦਾਰੇ ਵਿੱਚ ਕੰਮ ਕਰਦਾ ਹੈ। ਸ਼ੁਰੂ ਤੋਂ ਹੀ ਦੋਹਾਂ ਦੀ ਆਪਸ ਵਿੱਚ ਕਦੇ ਨਹੀਂ ਬਣੀ ਜਿਸ ਕਰਕੇ ਹਮੇਸ਼ਾ ਦੋਹਾਂ ਵਿੱਚ ਲੜਾਈ ਝਗੜਾ ਰਹਿੰਦਾ ਸੀ ਅਤੇ ਬੀਤੀ ਸ਼ਾਮ ਨਿਸ਼ਾ ਨੇ ਆਪਣੀ ਚੁੰਨੀ ਨਾਲ ਫਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਪਰਿਵਾਰ ਨੇ ਕੀਤੀ ਇਨਸਾਫ ਦੀ ਮੰਗ: ਮ੍ਰਿਤਕ ਨਿਸ਼ਾ ਦੀਆਂ ਭੈਣਾਂ ਵੱਲੋਂ ਆਰੋਪ ਲਗਾਇਆ ਗਿਆ ਕਿ ਉਸ ਦੇ ਘਰਵਾਲੇ ਵੱਲੋਂ ਉਸ ਨੂੰ ਮਾਰ ਕੇ ਟੰਗਿਆ ਗਿਆ ਹੈ ਕਿਉਂਕਿ ਉਸ ਦੀ ਭੈਣ ਨੂੰ ਪਹਿਲਾਂ ਵੀ ਕੁੱਟਮਾਰ ਕੀਤੀ ਜਾਂਦੀ ਸੀ ਜਿਸ ਨਾਲ ਉਸ ਨੂੰ ਉਹ ਕਈ ਵਾਰ ਆਪਣੇ ਪਿੰਡ ਨਾਲ ਲੈ ਕੇ ਗਈ ਸੀ। ਉਨ੍ਹਾਂ ਅੱਗੇ ਕਿਹਾ ਕਿ ਨਿਸ਼ਾ ਦੀ ਮੌਤ ਤੋਂ ਬਾਅਦ ਵੀ ਉਸ ਦੇ ਘਰਵਾਲੇ ਲਾਜਰ ਮਸੀਹ ਵੱਲੋਂ ਸਾਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਤੇ ਪਰਿਵਾਰ ਵਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।
ਪੁਲਿਸ ਵੱਲੋਂ ਕੀਤੀ ਜਾ ਰਹੀ ਕਾਰਵਾਈ: ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵੀਰ ਸਿੰਘ ਵੱਲੋਂ ਦੱਸਿਆ ਗਿਆ ਕਿ ਨਿਸ਼ਾ ਵੱਲੋਂ ਆਪਣੇ ਦੁਪੱਟੇ ਦਾ ਹੀ ਫਾਹਾ ਬਣਾ ਕੇ ਆਪਣੀ ਜੀਵਨ ਲੀਲਾ ਸਮਾਪਤ ਕੀਤੀ ਗਈ ਹੈ ਤੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰ ਲਏ ਗਏ ਹਨ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ 174 ਦੀ ਕਾਰਵਾਈ ਕਰਵਾ ਕੇ ਮ੍ਰਿਤਕ ਦੇਹ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਅਤੇ ਅੱਗੇ ਦੀ ਕਾਰਵਾਈ ਜਾਰੀ ਰਹੇਗੀ। ਨਾਲ ਹੀ ਜੋ ਵੀ ਸਾਹਮਣੇ ਤੱਥ ਆਉਣਗੇ ਉਸ ਦੇ ਤਹਿਤ ਬਣਦੀ ਕਾਰਵਾਈ ਕਰ ਦਿੱਤੀ ਜਾਵੇਗੀ।
ਇਹ ਵੀ ਪੜੋ: ਦਾਜ ਦੀ ਬਲੀ ਚੜ੍ਹੀ ਨਵ-ਵਿਆਹੁਤਾ, ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ