ਫ਼ਾਜ਼ਿਲਕਾ: ਜਲਾਲਾਬਾਦ ਵਿਖੇ ਵੀਕੈਂਡ ਲੌਕਡਾਊਨ ਦੌਰਾਨ ਬਿਨ੍ਹਾਂ ਮਾਸਕ ਪਾਏ ਮੋਟਰਸਾਈਕਲ ਸਵਾਰਾਂ ਵੱਲੋਂ ਡਿਊਟੀ 'ਤੇ ਤਾਇਨਾਤ ਮਹਿਲਾ ਕਾਂਸਟੇਬਲ ਨਾਲ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਰੋਪੀਆਂ ਵੱਲੋਂ ਪੁਲਿਸ ਉੱਤੇ ਧੱਕੇਸ਼ਾਹੀ ਦੇ ਇਲਜ਼ਾਮ ਲਗਾਏ ਜਾ ਰਹੇ ਹਨ, ਜਿਸ ਨੂੰ ਲੈ ਕੇ ਜਲਾਲਾਬਾਦ ਦੀ ਟਾਟਾ ਏਸ ਯੂਨੀਅਨ ਵੱਲੋਂ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਅਤੇ ਪੁਲਿਸ ਵਿਰੁੱਧ ਪ੍ਰਦਰਸ਼ਨ ਕੀਤਾ ਗਿਆ। ਉਨ੍ਹਾਂ ਨੇ ਪੁਲਿਸ 'ਤੇ ਦੋਸ਼ ਲਾਏ ਹਨ ਕਿ ਪੁਲਿਸ ਨੇ ਜਾਣ-ਬੁੱਝ ਕੇ ਉਨ੍ਹਾਂ ਉੱਤੇ ਲਾਠੀਚਾਰਜ ਕੀਤਾ ਅਤੇ ਉਨ੍ਹਾਂ ਦੇ ਕੱਪੜੇ ਵੀ ਫ਼ਾੜ ਦਿੱਤੇ।
ਜਲਾਲਾਬਾਦ ਦੇ ਸ਼ਹੀਦ ਊਧਮ ਸਿੰਘ ਚੌਕ ਵਿਖੇ ਡਿਊਟੀ ਉੱਤੇ ਤਾਇਨਾਤ ਲੇਡੀ ਮੁਲਾਜ਼ਮ ਨੇ ਦੱਸਿਆ ਕਿ ਉਸ ਨੇ ਉਕਤ ਕੁਝ ਵਿਅਕਤੀਆਂ ਨੂੰ ਮਾਸਕ ਨਾ ਪਹਿਨਣ ਕਰਕੇ ਰੋਕਿਆ ਸੀ, ਜਿਸ ਤੋਂ ਬਾਅਦ ਪਿੱਛੇ ਖੜੇ ਇੱਕ ਵਿਅਕਤੀ ਨੇ ਉਸ ਦਾ ਹੱਥ ਫੜਿਆ ਅਤੇ ਧੱਕਾ ਮਾਰਿਆ। ਇਸ ਤੋਂ ਬਾਅਦ ਅਸੀਂ ਐੱਸ.ਐੱਚ.ਓ ਨੂੰ ਇਤਲਾਹ ਦਿੱਤੀ ਅਤੇ ਉਨ੍ਹਾਂ ਮੌਕੇ ਉੱਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ ਹੈ।
ਮੌਕੇ ਉੱਤੇ ਪੁੱਜੇ ਏ.ਐੱਸ.ਆਈ. ਜਗਦੀਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਲੇਡੀ ਕਾਂਸਟੇਬਲ ਵੱਲੋਂ ਉਸ ਨਾਲ ਬਦਸਲੂਕੀ ਕਰਨ ਸਬੰਧੀ ਫ਼ੋਨ ਕੀਤਾ ਗਿਆ ਸੀ। ਉਨ੍ਹਾਂ ਨੇ ਮੌਕੇ ਉੱਤੇ ਪੁੱਜ ਕੇ ਕਾਰਵਾਈ ਕੀਤੀ ਹੈ ਅਤੇ ਯੂਨੀਅਨ ਵਾਲਿਆਂ ਨੂੰ ਧਰਨਾ ਹਟਾਉਣ ਦੇ ਲਈ ਕਿਹਾ ਹੈ।
ਉਨ੍ਹਾਂ ਦੱਸਿਆ ਕਿ ਫ਼ਿਲਹਾਲ ਮਾਮਲੇ ਦੀ ਤਫ਼ਤੀਸ਼ ਕੀਤੀ ਜਾ ਰਹੀ ਹੈ, ਉਸ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।