ਫ਼ਾਜ਼ਿਲਕਾ: ਪਿਛਲੇ ਦਿਨੀਂ ਪਏ ਭਾਰੀ ਮੀਂਹ ਕਾਰਨ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ। ਹਰ ਪਾਸੇ ਪਾਣੀ ਭਰ ਜਾਣ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੇ ਘਰਾਂ ਦੇ ਭਾਂਡੇ-ਟੀਂਡੇ ਪਾਣੀ ਵਿੱਚ ਤਰ ਰਹੇ ਹਨ ਅਤੇ ਕਈ ਘਰਾਂ ਦੀਆਂ ਨੀਹਾਂ ਵੀ ਹਿੱਲ ਗਈਆਂ ਹਨ। ਲੋਕਾਂ ਨੂੰ ਜਿਥੇ ਖਾਣ-ਪੀਣ ਦੀ ਕਮੀ ਆਉਣ ਲੱਗੀ ਹੈ, ਉਥੇ ਹੀ ਪਸ਼ੂਆਂ ਨੂੰ ਚਾਰੇ ਦੀ ਘਾਟ ਹੋ ਰਹੀ ਹੈ। ਇਨ੍ਹਾਂ ਬਦਤਰ ਹਾਲਤਾਂ ਦੇ ਬਾਵਜੂਦ ਨਾ ਤਾਂ ਪ੍ਰਸ਼ਾਸਨ ਨੇ ਕੋਈ ਸਾਰ ਲਈ ਹੈ ਅਤੇ ਨਾ ਹੀ ਪੰਜਾਬ ਸਰਕਾਰ ਜਾਂ ਇਸ ਦੇ ਵਿਧਾਇਕ ਨੇ ਲੋਕਾਂ ਕੋਲ ਬਹੁੜਣ ਦੀ ਖੇਚਲ ਕੀਤੀ ਹੈ।
ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਬਲੂਆਣਾ ਦੇ ਲੋਕਾਂ ਨੇ ਇਨ੍ਹਾਂ ਬਦਤਰ ਹਾਲਤਾਂ ਵਿੱਚੋਂ ਨਿਕਲਣ ਲਈ ਹੁਣ ਹਿਜ਼ਰਤ ਦਾ ਰਾਹ ਅਪਣਾ ਲਿਆ ਹੈ ਅਤੇ ਆਪਣਾ ਬਚਿਆ-ਖੁਚਿਆ ਸਾਮਾਨ ਚੁੱਕ ਕੇ ਹੋਰਨਾਂ ਇਲਾਕਿਆਂ ਵਿੱਚ ਆਵਾਸ ਲਈ ਚਾਲੇ ਪਾ ਦਿੱਤੇ ਹਨ। ਲੋਕਾਂ ਨੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਪੰਜਾਬ ਸਰਕਾਰ ਅਤੇ ਵਿਧਾਇਕ ਵਿਰੁੱਧ ਉਪਰ ਦੋਸ਼ ਲਾਏ ਕਿ ਜਦੋਂ ਇਨ੍ਹਾਂ ਨੂੰ ਲੋੜ ਹੁੰਦੀ ਹੈ ਉਦੋਂ ਭੱਜੇ ਹੁੰਦੇ ਹਨ, ਪਰ ਹੁਣ ਜਦ ਮੁਸੀਬਤ ਆਈ ਹੈ ਤਾਂ ਕੋਈ ਨਹੀਂ ਬਹੁੜ ਰਿਹਾ।
ਇਸ ਸਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀਆਂ ਨੇ ਕਿਹਾ ਕਿ ਅੱਠ ਦਿਨ ਹੋ ਗਏ ਹਨ, ਪਾਣੀ ਦੀ ਸਮੱਸਿਆ ਜਿਉਂ ਦੀ ਤਿਉਂ ਬਣੀ ਹੋਈ ਹੈ। ਪਰ ਕੋਈ ਵੀ ਅਧਿਕਾਰੀ ਮੌਕਾ ਵੇਖਣ ਨਹੀਂ ਆਇਆ। ਉਨ੍ਹਾਂ ਕਿਹਾ ਬੀਤੇ ਦਿਨ ਡੀਸੀ ਸਾਹਿਬ, ਬੱਲੂਆਣਾ ਵਿਖੇ ਆਏ ਪਰ ਉਥੋਂ ਹੀ ਵਾਪਸੀ ਪਾ ਗਏ। ਇਥੋਂ ਤੱਕ ਕਿ ਪਿੰਡ ਦਾ ਪਟਵਾਰੀ ਵੀ ਉਨ੍ਹਾਂ ਨੂੰ ਮੀਟਿੰਗਾਂ ਵਿੱਚ ਹੋਣ ਦੇ ਲਾਰੇ ਲਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਦੁਬਾਰਾ ਬਾਰਸ਼ ਹੁੰਦੀ ਹੈ ਤਾਂ ਮਕਾਨ ਵੀ ਡੁੱਬ ਜਾਣਗੇ ਕਿਉਂਕਿ ਫ਼ਸਲਾਂ ਤਾਂ ਪਹਿਲਾਂ ਹੀ ਡੁੱਬ ਗਈਆਂ ਹਨ। 15-20 ਢਾਣੀਆਂ ਵਿੱਚ ਪਾਣੀ ਭਰਿਆ ਹੋਇਆ ਹੈ। ਪਾਣੀ ਕਾਰਨ ਘਰਾਂ ਦਾ ਸਾਰਾ ਸਾਮਾਨ ਖਰਾਬ ਹੋ ਗਿਆ ਹੈ, ਹੁਣ ਜੋ ਬਚਿਆ ਹੋਇਆ ਹੈ ਉਸ ਨੂੰ ਉਹ ਇੱਕਠਾ ਕਰਕੇ ਇੱਥੋਂ ਜਾਣ ਲਈ ਮਜਬੂਰ ਹਨ।
ਇੱਕ ਬਜ਼ੁਰਗ ਨੇ ਭਾਵੁਕ ਹੁੰਦਿਆਂ ਕਿਹਾ ਕਿ ਪਾਣੀ ਕਾਰਨ ਘਰ ਦੀ ਨੀਂਹ ਵੀ ਹਿੱਲ ਗਈ ਹੈ ਅਤੇ ਡਿੱਗਣ ਨੂੰ ਹੈ। ਸਾਰਾ ਸਮਾਨ ਖ਼ਰਾਬ ਹੋ ਗਿਆ ਹੈ ਤੇ ਬਾਹਰ ਕੱਢਿਆ ਹੋਇਆ ਹੈ। ਉਸ ਨੇ ਕਿਹਾ ਕਿ ਇਸੇ ਚਿੰਤਾ ਕਾਰਨ ਉਸ ਨੂੰ ਰਾਤ ਨੂੰ ਨੀਂਦ ਨਹੀਂ ਆਉਂਦੀ ਅਤੇ ਜਾਗ ਕੇ ਰਾਤਾਂ ਕੱਟਣੀਆਂ ਪੈ ਰਹੀਆਂ ਹਨ।
ਪਿੰਡ ਵਾਸੀਆਂ ਨੇ ਕਿਹਾ ਕਿ ਐਮਐਲਏ ਨੱਥੂ ਰਾਮ 'ਤੇ ਦੋਸ਼ ਲਾਇਆ ਉਸ ਨੂੰ ਤਾਂ ਵੋਟਾਂ ਸਮੇਂ ਹੀ ਮਤਲਬ ਸੀ, ਉਸ ਪਿੱਛੋਂ ਤਾਂ ਮੂੰਹ ਵੀ ਨਹੀਂ ਵਿਖਾਇਆ। ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਛੇਤੀ ਤੋਂ ਛੇਤੀ ਪਾਣੀ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਇਆ ਜਾਵੇ।