ਫ਼ਾਜ਼ਿਲਕਾ: ਕੋਰੋਨਾ ਮਹਾਂਮਾਰੀ ਦੇ ਪ੍ਰਭਾਵ ਕਾਰਨ ਜਿਥੇ ਲੋਕਾਂ ਦੇ ਕੰਮ-ਕਾਜ ਠੱਪ ਹੋਏ ਹਨ, ਉਥੇ ਹੀ ਇਸ ਬੀਮਾਰੀ ਨੇ ਲੋਕਾਂ ਨੂੰ ਮਾਨਸਿਕ ਤੌਰ 'ਤੇ ਵੀ ਪ੍ਰੇਸ਼ਾਨ ਕੀਤਾ ਹੋਇਆ ਹੈ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਝੰਬੇ ਫ਼ਾਜ਼ਿਲਕਾ ਦੇ ਗਾਂਧੀ ਨਗਰ ਨਿਵਾਸੀ ਇੱਕ ਟਰੱਕ ਅਪ੍ਰੇਟਰ ਵੱਲੋਂ ਬੀਤੇ ਦਿਨ ਖੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਮ੍ਰਿਤਕ ਸਤਿੰਦਰ ਸਿੰਘ ਦੀ ਲਾਸ਼ ਕਬਜ਼ੇ ਵਿੱਚ ਲੈ ਕੇ ਕਾਰਵਾਈ ਅਰੰਭ ਦਿੱਤੀ ਹੈ।
ਮ੍ਰਿਤਕ ਦੇ ਮੁੰਡੇ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਪਿਤਾ ਨੇ ਇੱਕ ਨਵਾਂ ਟਰੱਕ ਲਿਆ ਸੀ ਅਤੇ ਖ਼ੁਦ ਡਰਾਈਵਰੀ ਕਰਦਾ ਸੀ। ਪਰੰਤੂ ਕੋਰੋਨਾ ਮਹਾਂਮਾਰੀ ਕਾਰਨ ਦੇਸ਼ ਵਿੱਚ ਤਾਲਾਬੰਦੀ ਲੱਗਣ ਕਾਰਨ ਸਤਿੰਦਰ ਕੁਮਾਰ ਨੂੰ ਕੋਈ ਕੰਮ ਨਹੀਂ ਮਿਲ ਰਿਹਾ ਸੀ, ਜਿਸ ਕਾਰਨ ਉਨ੍ਹਾਂ ਦੇ ਘਰ ਦੇ ਹਾਲਾਤ ਦਿਨ-ਬ-ਦਿਨ ਬਦਤਰ ਹੁੰਦੇ ਗਏ।
ਘਰ ਦੇ ਬਦਤਰ ਹੁੰਦੇ ਹਾਲਾਤਾਂ ਅਤੇ ਕੰਮ ਨਾ ਮਿਲਣ ਕਾਰਨ ਸਤਿੰਦਰ ਕੁਮਾਰ (55) ਪੁੱਤਰ ਮੋਹਨ ਲਾਲ ਮਾਨਸਿਕ ਪਰੇਸ਼ਾਨੀ ਦਾ ਸ਼ਿਕਾਰ ਹੋ ਗਿਆ। ਬੀਤੇ ਦਿਨ ਉਸ ਨੇ ਕੋਈ ਜ਼ਹਿਰੀਲੀ ਵਸਤੂ ਦਾ ਸੇਵਨ ਕਰ ਲਿਆ, ਜਿਸ 'ਤੇ ਉਸਨੂੰ ਸਿਵਲ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਨਾਜ਼ੁਕ ਹਾਲਤ ਦੇਖਦਿਆਂ ਉਸ ਨੂੰ ਫ਼ਰੀਦਕੋਟ ਲਈ ਰੈਫ਼ਰ ਕਰ ਦਿੱਤਾ ਗਿਆ ਪਰ ਰਸਤੇ 'ਚ ਉਸ ਦੀ ਮੌਤ ਹੋ ਗਈ।
ਮਾਮਲੇ ਸਬੰਧੀ ਪੁਲਿਸ ਅਧਿਕਾਰੀ ਜਤਿੰਦਰ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਅਮਲ 'ਚ ਲਿਆਂਦੀ ਗਈ ਹੈ। ਲਾਸ਼ ਦਾ ਪੋਸਟਮਾਰਟਮ ਕਰਨ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।