ਚੰਡੀਗੜ੍ਹ: ਕਾਂਗਰਸ ਵਿਧਾਇਕ ਸੁਖਪਾਲ ਖਹਿਰਾ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਅੱਜ ਪੰਜਾਬ ਕਾਂਗਰਸ ਦੇ ਸਾਰੇ ਆਗੂ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਜਲਾਲਾਬਾਦ ਥਾਣੇ ਪੁੱਜੇ ਪਰ ਕਿਸੇ ਵੀ ਕਾਂਗਰਸੀ ਆਗੂ ਨੂੰ ਥਾਣੇ ਅੰਦਰ ਨਹੀਂ ਵੜਨ ਦਿੱਤਾ ਗਿਆ। ਰਾਜਾ ਵੜਿੰਗ ਨੂੰ ਦੇਖਦਿਆਂ ਹੀ ਪੁਲਿਸ ਮੁਲਾਜ਼ਮਾਂ ਨੇ ਥਾਣੇ ਦਾ ਗੇਟ ਬੰਦ ਕਰ ਦਿੱਤਾ। ਇਸ ਵਿਚਾਲੇ ਰਾਜਾ ਵੜਿੰਗ ਥਾਣੇ ਦੀ ਪੁਲਿਸ ਨੂੰ ਗੇਟ ਖੋਲ੍ਹਣ ਦੀ ਅਪੀਲ ਕਰਦੇ ਰਹੇ ਪਰ ਪੁਲਿਸ ਨੇ ਗੇਟ ਖੋਲ੍ਹਣ ਤੋਂ ਸਾਫ਼ ਇਨਕਾਰ ਕਰ ਦਿੱਤੇ ਅਤੇ ਵੜਿੰਗ ਨੂੰ ਥਾਣੇ ਦੇ ਬਾਹਰ ਤੋਂ ਹੀ ਵਾਪਸ ਭੇਜ ਦਿੱਤਾ ਗਿਆ। (Sukhpal Khaira Case Update) ( Punjab Congress President Raja Warring)
ਥਾਣੇ ਅੰਦਰ ਜਾਣ ਤੋਂ ਰੋਕਿਆ ਰਾਜਾ ਵੜਿੰਗ: ਇਸ ਨੂੰ ਲੈਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਕਿਹਾ ਕਿ ਅਸੀਂ ਜਲਾਲਾਬਾਦ ਥਾਣੇ ਵਿਖੇ ਪਹੁੰਚੇ ਸੀ, ਜਿੱਥੇ ਥਾਣੇ ਦਾ ਗੇਟ ਬੰਦ ਕਰ ਲਿਆ ਗਿਆ ਤੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ ਗਿਆ। ਇੱਕ ਮੁਲਾਜ਼ਮ ਵੱਲੋਂ ਦੱਸਿਆ ਗਿਆ ਹੈ ਕਿ ਸੁਖਪਾਲ ਸਿੰਘ ਖਹਿਰਾ ਸਾਬ ਨੂੰ ਫਾਜ਼ਿਲਕਾ ਸੀ.ਆਈ.ਏ. ਸਟਾਫ ਵਾਲੇ ਲੈ ਕੇ ਗਏ ਹਨ, ਜਿਸ ਦੇ ਚੱਲਦੇ ਅਸੀਂ ਹੁਣ ਫਾਜ਼ਿਲਕਾ ਜਾ ਰਹੇ ਹਾਂ। ਰਾਜਾ ਵੜਿੰਗ ਨੇ ਕਿਹਾ ਕਿ ਕੇਸ ਜਾਲਾਲਾਬਾਦ 'ਚ ਦਰਜ ਹੋਇਆ ਤੇ ਸੀਆਈਏ ਸੁਖਪਾਲ ਖਹਿਰਾ ਨੂੰ ਫਾਜ਼ਿਲਕਾ ਲੈ ਗਈ ਹੈ। ਉਨ੍ਹਾਂ ਕਿਹਾ ਕਿ 15 ਮਿੰਟ ਦੇ ਕਰੀਬ ਸਮਾਂ ਹੋ ਗਿਆ ਤੇ ਥਾਣੇ ਦੇ ਅੰਦਰਲੇ ਮੁਲਾਜ਼ਮ ਗੇਟ ਖੋਲ੍ਹਣ ਦੀ ਥਾਂ ਬਹਾਨੇ ਬਣਾ ਕੇ ਇਧਰ ਉਧਰ ਘੁੰਮੀ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਵਲੋਂ ਬਠਿੰਡਾ 'ਚ ਧਰਨਾ ਦਿੱਤਾ ਜਾਵੇਗਾ ਤੇ ਇਸ ਤੋਂ ਪਹਿਲਾਂ ਸੁਖਪਾਲ ਖਹਿਰਾ ਨਾਲ ਕਾਂਗਰਸੀ ਲੀਡਰਾਂ ਵਲੋਂ ਮੁਲਕਾਤ ਕੀਤੀ ਜਾਵੇਗੀ।
ਸਿਆਸੀ ਬਦਲਾਖੋਰੀ ਦਾ ਦੱਸਿਆ ਮਾਮਲਾ: ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਦਾ ਕਹਿਣਾ ਕਿ ਸਰਕਾਰ ਵਲੋਂ ਸਿਆਸੀ ਕਿੜ ਕੱਢਣ ਲਈ ਇਹ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਦ ਐੱਮਪੀ ਰਹਿੰਦਿਆਂ ਇਸ ਕੇਸ ਦੀ ਨਿੰਦਾ ਕੀਤੀ ਸੀ ਤੇ ਹੁਣ ਇਹ ਸਰਕਾਰ ਹੀ ਸੁਖਪਾਲ ਖਹਿਰਾ 'ਤੇ ਮਾਮਲਾ ਦਰਜ ਕਰ ਰਹੀ ਹੈ, ਜਿਸ ਦੀ ਉਹ ਖੁਦ ਨਿੰਦਾ ਕਰਦੇ ਹਨ। ਰਾਜਾ ਵੜਿੰਗ ਦਾ ਕਹਿਣਾ ਕਿ ਸੂਬੇ 'ਚ ਅਬਦਾਲੀ ਦਾ ਰਾਜ ਹੈ ਅਤੇ ਪੁਲਿਸ ਥਾਣੇ 'ਚ ਤਾਂ ਕੋਈ ਵੀ ਜਾ ਸਕਦਾ ਹੈ ਪਰ ਹੁਣ ਇੱਕ ਵਿਧਾਇਕ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨੂੰ ਵੀ ਥਾਣੇ 'ਚ ਜਾਣ ਤੋਂ ਰੋਕਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਮੀਟਿੰਗ ਕਰੇਗੀ ਅਤੇ ਉਸ ਤੋਂ ਬਾਅਦ ਅਗਲੀ ਰਣਨੀਤੀ ਸਰਕਾਰ ਖਿਲਾਫ਼ ਤਿਆਰ ਕੀਤੀ ਜਾਵੇਗੀ।
- Jaishankar Blinken Meeting : ਜੈਸ਼ੰਕਰ ਨੇ ਬਲਿੰਕਨ ਨਾਲ ਕੀਤੀ ਮੁਲਾਕਾਤ, ਕੈਨੇਡਾ 'ਤੇ ਨਹੀਂ ਹੋਈ ਕੋਈ ਚਰਚਾ
- Rail Roko Movement: ਆਪਣੀਆਂ ਮੰਗਾਂ ਨੂੰ ਲੈਕੇ ਪੰਜਾਬ 'ਚ ਰੇਲਵੇ ਲਾਈਨਾਂ 'ਤੇ ਕਿਸਾਨ ਤਾਂ ਯਾਤਰੀ ਹੋਏ ਪ੍ਰੇਸ਼ਾਨ, ਅੱਜ ਵੀ 90 ਰੇਲਾਂ ਹੋਣਗੀਆਂ ਪ੍ਰਭਾਵਿਤ
- Gangster Goldy Brar: ਮੂਸੇਵਾਲਾ ਕਤਲ ਕਾਂਡ ਦਾ ਮੁਲਜ਼ਮ ਗੋਲਡੀ ਬਰਾੜ ਅਮਰੀਕਾ ਤੋਂ ਮੰਗ ਰਿਹਾ ਸ਼ਰਣ, ਕੈਲੀਫੋਰਨੀਆ ਦੀ ਨਾਗਰਿਕਤਾ ਲੈਣ ਦੀ ਕਰ ਰਿਹਾ ਕੋਸ਼ਿਸ਼
ਇਹ ਹੈ ਸਾਰਾ ਮਾਮਲਾ: ਬੀਤੇ ਦਿਨੀਂ ਜਲਾਲਾਬਾਦ ਪੁਲਿਸ ਵਲੋਂ ਇੱਕ ਪੁਰਾਣੇ ਐਨਡੀਪੀਐਸ ਮਾਮਲੇ 'ਚ ਸੁਖਪਾਲ ਖਹਿਰਾ ਨੂੰ ਚੰਡੀਗੜ੍ਹ ਰਿਹਾਇਸ਼ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ 'ਚ ਅਦਾਲਤ 'ਚ ਪੇਸ਼ ਕਰਕੇ ਪੁਲਿਸ ਨੂੰ ਖਹਿਰਾ ਦਾ ਦੋ ਦਿਨਾਂ ਰਿਮਾਂਡ ਹਾਸਲ ਹੋਇਆ ਸੀ। ਜਦਕਿ ਇਸ ਤੋਂ ਪਹਿਲਾਂ ਸਾਲ 2015 ਵਿੱਚ ਜਲਾਲਾਬਾਦ ਪੁਲਿਸ ਨੇ ਮਾਰਕੀਟ ਕਮੇਟੀ ਢਿੱਲਵਾਂ ਦੇ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਸਮੇਤ 9 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਨ੍ਹਾਂ ਦੇ ਕਬਜ਼ੇ 'ਚੋਂ 1 ਕਿਲੋ ਤੋਂ ਵਧੇਰੇ ਹੈਰੋਇਨ, ਸੋਨੇ ਦੇ ਬਿਸਕੁਟ, ਇੱਕ ਦੇਸੀ 315 ਬੋਰ ਦਾ ਪਿਸਤੌਲ, ਦੋ ਪਾਕਿਸਤਾਨੀ ਸਿਮ ਕਾਰਡ ਅਤੇ ਇੱਕ ਟਾਟਾ ਸਫਾਰੀ ਕਾਰ ਬਰਾਮਦ ਹੋਈ ਸੀ। ਇਸ ਮਾਮਲੇ ਵਿੱਚ ਖਹਿਰਾ ਦਾ ਨਾਂ ਸਾਬਕਾ ਚੇਅਰਮੈਨ ਗੁਰਦੇਵ ਸਿੰਘ ਨਾਲ ਕਥਿਤ ਸਬੰਧਾਂ ਕਾਰਨ ਸਾਹਮਣੇ ਆਇਆ ਸੀ। ਖਹਿਰਾ ਦੇ ਨਾਲ-ਨਾਲ ਨਿੱਜੀ ਸੁਰੱਖਿਆ ਅਧਿਕਾਰੀ, ਨਿੱਜੀ ਸਹਾਇਕ , ਯੂਕੇ ਨਿਵਾਸੀ ਚਰਨਜੀਤ ਕੌਰ ਅਤੇ ਮੇਜਰ ਸਿੰਘ ਬਾਜਵਾ ਨੂੰ ਵੀ ਨਾਮਜ਼ਦ ਕੀਤਾ ਗਿਆ ਸੀ। ਇਸ ਮਾਮਲੇ ਵਿੱਚ 31 ਅਕਤੂਬਰ 2017 ਨੂੰ ਫਾਜ਼ਿਲਕਾ ਅਦਾਲਤ ਨੇ ਨੌਂ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ ਸੀ, ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਸੀ। ਜਦਕਿ ਸੁਪਰੀਮ ਕੋਰਟ ਨੇ 2017 ਵਿੱਚ ਫਾਜ਼ਿਲਕਾ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਜਾਰੀ ਸੰਮਨ ਸਟੇਅ ਕਰ ਦਿੱਤੇ ਸਨ ਅਤੇ ਸੁਖਪਾਲ ਖਹਿਰਾ ਨੂੰ ਰਾਹਤ ਦਿੱਤੀ ਸੀ।