ਫਾਜ਼ਿਲਕਾ: ਮਲੋਟ ਵਿਖੇ ਭਾਜਪਾ ਵਿਧਾਇਕ ਅਰੁਣ ਨਾਰੰਗ ਨਾਲ ਵਾਪਰੀ ਘਟਨਾ ਨੂੰ ਲੈਕੇ ਭਾਜਪਾ ਵਲੋਂ ਮੁਲਜ਼ਮਾਂ ਵਿਰੁੱਧ ਕਾਰਵਾਈ ਅਤੇ ਗ੍ਰਿਫ਼ਤਾਰੀ ਦੀ ਮੰਗ ਨੂੰ ਲੈਕੇ ਧਰਨੇ ਪ੍ਰਦਰਸ਼ਨ ਅਤੇ ਰੋਸ਼ ਵੱਜੋਂ ਸ਼ਹਿਰਾਂ ਨੂੰ ਬੰਦ ਰੱਖਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ।
ਇਸਦੇ ਤਹਿਤ ਅੱਜ ਅਬੋਹਰ ਬੰਦ ਦਾ ਸੱਦਾ ਦਿੱਤਾ ਗਿਆ ਸੀ, ਇਸ ਮੌਕੇ ਭਾਜਪਾ ਵਰਕਰਾਂ ਵੱਲੋਂ ਕੈਪਟਨ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਤੇ ਧਰਨਾ ਪ੍ਰਦਰਸ਼ਨ ਕੀਤਾ ਗਿਆ।
ਅੱਜ ਦੇ ਬੰਦ ਦੌਰਾਨ ਭਾਜਪਾ ਕਾਰਕੁਨਾਂ 'ਤੇ ਕੁਛ ਦੁਕਾਨਦਾਰਾਂ ਨੇ ਗੁੰਡਾਗਰਦੀ ਅਤੇ ਧੱਕੇ ਨਾਲ ਦੁਕਾਨਾਂ ਨੂੰ ਬੰਦ ਕਰਵਾਉਣ ਦੇ ਇਲਜ਼ਾਮ ਲਾਏ ਗਏ। ਇਸਨੂੰ ਲੈਕੇ ਅਬੋਹਰ ਦੀ ਨਾਮੀ ਸਵੀਟ ਹਾਊਸ ਚਾਨਣ ਮਲ ਸਵੀਟ ਹਾਊਸ ਦੇ ਮਾਲਕ ਰੋਹਤਾਸ ਗੁਪਤਾ ਨੇ ਕੁਝ ਪ੍ਰਦਰਸ਼ਨਕਾਰੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ।
ਇਸ ਮੌਕੇ ਰੋਸ ਪ੍ਰਦਰਸ਼ਨ ਕਰ ਰਹੇ ਭਾਜਪਾ ਕਾਰਕੁਨ ਜਦੋਂ ਉਕਤ ਸਵੀਟ ਹਾਊਸ ਦੇ ਸਾਹਮਣਿਓਂ ਲੰਘੇ ਤਾਂ ਭਾਰੀ ਪੁਲਿਸ ਬਲ ਤੈਨਾਤ ਸੀ, ਇਸਦੇ ਬਾਵਜੂਦ ਭਾਜਪਾ ਪ੍ਰਦਰਸ਼ਨਕਾਰੀ ਦੁਕਾਨ ਅੱਗੇ ਬੈਠ ਗਏ ਅਤੇ ਨਾਅਰੇਬਾਜ਼ੀ ਕੀਤੀ ਗਈ ।
ਇਸੇ ਤਰ੍ਹਾਂ ਦਾ ਮਾਮਲਾ 4 ਨੰਬਰ ਸਥਿਤ ਇੱਕ ਦੁਕਾਨਦਾਰ ਨਾਲ ਹੋਇਆ। ਉਨ੍ਹਾਂ ਕਿਹਾ ਕਿ ਵਿਧਾਇਕ ਨਾਲ ਵਾਪਰੀ ਘਟਨਾ ਨਿੰਦਣਯੋਗ ਹੈ ਪਰ ਇਸ ਤਰ੍ਹਾਂ ਨਾਲ ਬਾਜ਼ਾਰ, ਸ਼ਹਿਰ ਬੰਦ ਕਰਵਾਉਣਾ ਕੋਈ ਹੱਲ ਨਹੀਂ ਹੈ ।
ਇਸ ਪੂਰੇ ਮਾਮਲੇ 'ਤੇ ਭਾਜਪਾ ਦੇ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਬੰਦ ਦੌਰਾਨ ਕੋਈ ਧੱਕਾ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਲੋਕਾਂ ਦੇ ਆਪਣੇ ਦਿਲਾਂ ਦੀ ਜ਼ਮੀਰ ਨਾਲ ਬੰਦ ਹੋਇਆ ਹੈ, ਅਸੀਂ ਤਾਂ ਲੋਕਾਂ ਸਾਹਮਣੇ ਹੱਥ ਹੀ ਜੋੜੇ ਗਏ ਹਨ ।