ਫਾਜ਼ਿਲਕਾ: ਅਬੋਹਰ ਦੇ ਭੀਮ ਕਤਲ ਕਾਂਡ ਮਾਮਲੇ 'ਚ ਸਜਾ ਕੱਟ ਰਹੇ ਅਤੇ ਸ਼ਰਾਬ ਕਾਰੋਬਾਰੀ ਸ਼ਿਵ ਲਾਲ ਡੋਡਾ ਦੀਆਂ ਮੁਸ਼ਕਿਲਾਂ ਘਟਣ ਦਾ ਨਾਂਅ ਨਹੀਂ ਲੈ ਰਹੀਆਂ ਹਨ। ਹੁਣ ਤਾਜ਼ੇ ਮਾਮਲੇ 'ਚ ਜ਼ਿਲ੍ਹਾ ਫ਼ਾਜ਼ਿਲਕਾ ਦੀ ਅਬੋਹਰ ਪੁਲਿਸ ਨੇ ਡੋਡਾ ਸਣੇ ਉਸ ਦੇ ਪਰਿਵਾਰ ਦੇ ਮੈਂਬਰਾਂ ਅਤੇ ਹੋਰ ਨਜ਼ਦੀਕੀ ਸਾਥੀਆਂ ਖ਼ਿਲਾਫ਼ 420, 465, 467, 468, 471, 384 ਅਤੇ 120 ਬੀ ਤਹਿਤ ਮੁਕੱਦਮਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਦੇ ਨਾਲ ਹੀ ਪੁਲਿਸ ਵੱਲੋਂ ਨਾਮਜ਼ਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਥਾਣਾ ਸਿਟੀ 1 ਅਬੋਹਰ 'ਚ ਦਰਜ ਮੁਕੱਦਮਾ ਸੀਬੀਆਈ ਦੇ ਸਾਬਕਾ ਅਧਿਕਾਰੀ (ਸੁਵਰਗਵਾਸੀ) ਦੀ ਪਤਨੀ ਆਸ਼ਾ ਰਾਣੀ ਦੇ ਬਿਆਨਾਂ 'ਤੇ ਦਰਜ ਕੀਤਾ ਗਿਆ ਹੈ। ਦੱਸ ਦੇਈਏ ਕਿ ਵਿਧਵਾ ਆਸ਼ਾ ਰਾਣੀ ਨੇ ਡੀਆਈਜੀ ਫ਼ਿਰੋਜ਼ਪੁਰ ਰੇਂਜ ਨੂੰ ਇੱਕ ਸ਼ਿਕਾਇਤ ਪੱਤਰ ਦੇ ਕੇ ਆਪਣਾ ਦੁਖੜਾ ਸੁਣਾਇਆ ਕਿ ਉਸ ਦੇ ਪੁੱਤਰ ਨੀਰਜ ਅਰੋੜਾ ਵੱਲੋਂ ਬਣਾਈ ਗਈ ਫ਼ਰਮ ਗਲੈਕਸੀ ਏਮਬ੍ਰਾਈਡਰੀ ਪ੍ਰਾਈਵੇਟ ਲਿਮਿਟੇਡ ਦੇ ਹਿੱਸੇਦਾਰ ਸੁਰੇਸ਼ ਕੁਮਾਰ, ਮਨੋਜ ਕੁਮਾਰ ਤੋਂ 7 ਏਕੜ ਰਕਬੇ ਦਾ ਸੌਦਾ 90 ਲੱਖ ਰੁਪਏ ਦੇ ਹਿਸਾਬ ਨਾਲ ਕੀਤਾ ਸੀ।
ਸ਼ਿਕਾਇਤਕਰਤਾ ਦੇ ਇਲਜ਼ਾਮ ਅਨੁਸਾਰ ਉਸ ਦੇ ਬੇਟੇ ਨੇ 90 ਲੱਖ ਰੁਪਏ ਬੈਂਕ ਅਕਾਊਂਟ ਰਾਹੀਂ ਜ਼ਮੀਨ ਮਾਲਕਾਂ ਨੂੰ ਦਿੱਤੇ ਅਤੇ ਡੇਢ ਕਰੋੜ ਰੁਪਏ ਨਗਦ ਦਿੱਤੇ ਗਏ ਪਰ ਜ਼ਮੀਨ ਮਾਲਕਾਂ ਨੇ 2 ਕਰੋੜ 40 ਲੱਖ ਰੁਪਏ ਰਾਸ਼ੀ ਵਾਪਸ ਕੀਤੇ ਬਿਨਾਂ ਇਕਰਾਰਨਾਮੇ ਤੋਂ ਮੁੱਕਰ ਕੇ ਉਕਤ 7 ਏਕੜ ਜ਼ਮੀਨ ਦਾ ਸੌਦਾ 2 ਜੁਲਾਈ 2016 ਨੂੰ ਦਿੱਲੀ ਦੀ ਫ਼ਰਮ ਜੀ.ਟੀ ਡਿਵੈਲਪਰ ਦੇ ਹੱਕ 'ਚ ਕਰ ਦਿੱਤਾ। ਇਸ ਦੇ ਨਾਲ ਹੀ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਸ਼ਿਕਾਇਤਕਰਤਾ ਦੇ ਇਸ ਮਾਮਲੇ ਦੀ ਵਕਾਲਤ ਕਰ ਰਹੇ ਹਾਈਕੋਰਟ ਦੇ ਸੀਨੀਅਰ ਵਕੀਲ ਐਡਵੋਕੇਟ ਸੁਨੀਲ ਡੋਡਾ ਨੇ ਦੱਸਿਆ ਕਿ ਨੇਚਰ ਹਾਈਟਸ ਦੇ ਐਮ ਡੀ ਨੀਰਜ ਅਰੋੜਾ ਖ਼ਿਲਾਫ਼ ਜੱਦ ਕਈ ਲੋਕਾਂ ਵੱਲੋਂ ਧੋਖਾਧੜੀ ਦੀਆਂ ਸਕਾਇਤਾਂ ਪੁਲਿਸ ਨੂੰ ਦਿੱਤੀ ਗਈਆਂ ਤਾਂ ਪੁਲਿਸ ਨੇ ਨੀਰਜ ਨੂੰ ਗ੍ਰਿਫ਼ਤਾਰ ਕਰਕੇ ਸਬ ਜੇਲ੍ਹ ਫ਼ਾਜ਼ਿਲਕਾ ਵਿਖੇ ਰੱਖਿਆ ਤਾਂ ਉਸ ਵੇਲੇ ਭੀਮ ਕਤਲ ਕਾਂਡ ਮਾਮਲੇ 'ਚ ਗ੍ਰਿਫ਼ਤਾਰ ਸ਼ਿਵ ਲਾਲ ਡੋਡਾ ਵੀ ਉਸ ਜੇਲ੍ਹ ਵਿੱਚ ਹੀ ਸੀ, ਦੋਵਾਂ ਵਿਚਕਾਰ ਗੱਲ ਹੋਈ ਤਾਂ ਕਥਿਤ ਇਲਜ਼ਾਮ ਅਨੁਸਾਰ ਸ਼ਿਵ ਲਾਲ ਡੋਡਾ ਨੇ ਨੀਰਜ ਦੀ ਕਰੋੜਾਂ ਦੀ ਜਾਇਦਾਦ ਹੜੱਪਣ ਦੀ ਨੀਅਤ ਨਾਲ ਉਸ ਨੂੰ ਡਰਾਇਆ ਧਮਕਾਇਆ ਅਤੇ ਉਕਤ 7 ਏਕੜ ਜ਼ਮੀਨ, ਜਿਸਦਾ ਇਕਰਾਰਨਾਮਾ ਨੇਚਰ ਹਾਈਟਸ ਦੇ ਡਾਇਰੈਕਟਰ ਗੌਰਵ ਛਾਬੜਾ ਦੇ ਹੱਕ 'ਚ ਸਿਰਸਾ ਦੇ ਵਪਾਰੀਆਂ ਵੱਲੋਂ ਕੀਤਾ ਗਿਆ ਸੀ ਪਰ ਸ਼ਿਵ ਲਾਲ ਡੋਡਾ ਅਤੇ ਹੋਰਾਂ 'ਤੇ ਇਲਜ਼ਾਮ ਹੈ ਕਿ ਇਨ੍ਹਾਂ ਨੇ ਹੇਰਾਫੇਰੀ ਕਰਕੇ ਉਕਤ ਜ਼ਮੀਨ, ਜਿਸ ਤੇ ਕਾਲੋਨੀ ਕੱਟੀ ਜਾਣੀ ਸੀ ਅਤੇ 21 ਗ੍ਰਾਹਕਾਂ ਨੂੰ ਪਲਾਟ ਵੀ ਵੇਚੇ ਗਏ ਸਨ ਨੂੰ ਧੋਖੇ 'ਚ ਰੱਖ ਕੇ ਵਾਹੀਯੋਗ ਜ਼ਮੀਨ ਵਿਖਾ ਕੇ ਖ਼ਰੀਦ ਕਰ ਲਈ।
ਸ਼ਿਕਾਇਤ ਕਰਤਾ ਦੀ ਸ਼ਿਕਾਇਤ 'ਤੇ ਪੁਲਿਸ ਵੱਲੋਂ ਕੀਤੀ ਗਈ ਮੁੱਢਲੀ ਜਾਂਚ 'ਚ ਮਾਮਲਾ ਧੋਖਾਧੜੀ ਦਾ ਪਾਏ ਜਾਣ 'ਤੇ ਇਸਦੀ ਰਿਪੋਰਟ ਡੀ.ਆਈ.ਜੀ ਨੂੰ ਭੇਜੀ ਗਈ ਜਿਸਤੋਂ ਬਾਅਦ ਉਨ੍ਹਾਂ ਦੀ ਮਨਜ਼ੂਰੀ ਤੋਂ ਬਾਅਦ ਇਹ ਮੁਕੱਦਮਾ ਦਰਜ ਕੀਤਾ ਗਿਆ ਹੈ।