ਫਾਜ਼ਿਲਕਾ : ਕੋਰੋਨਾ ਮਹਾਂਮਾਰੀ ਦੇ ਦੌਰਾਨ ਸਰਬੱਤ ਦਾ ਭਲਾ ਟਰੱਸਟ ਲਗਾਤਾਰ ਲੋੜਵੰਦ ਲੋਕਾਂ ਦੀ ਮਦਦ ਕਰ ਰਹੀ ਹੈ। ਟਰੱਸਟ ਵੱਲੋਂ ਲੋੜਵੰਦ ਲੋਕਾਂ ਨੂੰ ਹਰ ਮਹੀਨੇ ਰਾਸ਼ਨ ਤੇ ਹੋਰਨਾਂ ਲੋੜੀਂਦਾ ਚੀਜ਼ਾਂ ਵੰਡੀਆ ਜਾ ਰਹੀਆਂ ਹਨ। ਇਸੇ ਕੜੀ 'ਚ ਸਰਬੱਤ ਦਾ ਭਲਾ ਟਰੱਸਟ ਵੱਲੋਂ ਫਾਜ਼ਿਲਕਾ ਵਿਖੇ 450 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ।
ਇਸ ਬਾਰੇ ਦੱਸਦੇ ਹੋਏ ਸਰਬੱਤ ਦਾ ਭਲਾ ਟਰੱਸਟ ਦੇ ਜ਼ਿਲ੍ਹਾ ਪ੍ਰਧਾਨ ਮਹਿੰਦਰ ਸਰਸਵਾ ਨੇ ਦੱਸਿਆ ਕਿ ਇਥੇ ਅਬੋਹਰ-ਮਲੋਟ ਰੋਡ ਉੱਤੇ ਸਥਿਤ ਇਲਾਕੇ 'ਚ ਕੁੱਝ ਲੋੜਵੰਦ ਤੇ ਦਿਹਾੜੀਦਾਰ ਲੋਕ ਝੁੱਗੀ ਝੋਪੜੀ 'ਚ ਰਹਿ ਕੇ ਆਪਣਾ ਗੁਜਰ ਬਸਰ ਕਰ ਰਹੇ ਹਨ। ਸਰਬੱਤ ਦਾ ਭਲਾ ਟਰੱਸਟ ਵੱਲੋਂ ਅੱਜ 450 ਲੋੜਵੰਦ ਪਰਿਵਾਰਾਂ ਰਾਸ਼ਨ ਵੰਡਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਟਰੱਸਟ ਵੱਲੋਂ ਲੌਕਡਾਊਨ ਸ਼ੁਰੂ ਹੋਣ ਤੋਂ ਤੁਰੰਤ ਬਾਅਦ ਹੀ ਲੋਕਾਂ ਦੀ ਸੇਵਾ ਦਾ ਕੰਮ ਆਰੰਭ ਕਰ ਦਿੱਤਾ ਗਿਆ। ਟਰੱਸਟ ਦੇ ਮੁਖੀ ਐੱਸਪੀ ਸਿੰਘ ਓਬਰਾਏ ਵੱਲੋਂ ਆਪਣੀ ਕਮਾਈ ਦੇ 99 ਫੀਸਦੀ ਹਿੱਸੇ ਨੂੰ ਲੋਕ ਸੇਵਾ ਦੇ ਕੰਮਾਂ 'ਚ ਲਾਇਆ ਜਾ ਰਿਹਾ ਹੈ। ਟਰੱਸਟ ਦੇ ਮੈਂਬਰਾਂ ਨੇ ਘਰ-ਘਰ ਜਾ ਕੇ ਲੋਕਾਂ ਦੀ ਮਦਦ ਕੀਤੀ। ਟਰੱਸਟ ਦੇ ਮੈਂਬਰਾਂ ਨੇ ਦੱਸਿਆ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਹੁਣ ਤੱਕ 20 ਕਰੋੜ ਤੋਂ ਵਧ ਲਾਗਤ ਨਾਲ ਲੋਕਾਂ ਦੀ ਮਦਦ ਕੀਤੀ ਜਾ ਚੁੱਕੀ ਹੈ। ਝੁੱਗੀ-ਝੋਪੜੀ 'ਚ ਰਹਿਣ ਵਾਲੇ ਲੋਕਾਂ ਸਣੇ ਗੁਰਦੁਆਰਾ ਸਾਹਿਬ ਦੇ ਪਾਠੀ ਤੇ ਰਾਗੀ ਢਾਡੀ ਜੱਥੇ ਦੇ ਗੁਰੂ ਸੇਵਕਾਂ ਦੀ ਵੀ ਮਦਦ ਕੀਤੀ ਜਾ ਰਹੀ ਹੈ।