ਫਾਜ਼ਿਲਕਾ: ਪੰਜਾਬ ਪੱਲੇਦਾਰ ਯੂਨੀਅਨ ਵੱਲੋਂ ਫਾਜ਼ਿਲਕਾ 'ਚ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ ਗਿਆ। ਪੰਜਾਬ ਪੱਲੇਦਾਰ ਯੂਨੀਅਨ ਦੇ ਸੂਬਾ ਪੱਧਰੀ ਪ੍ਰਧਾਨ ਬਖਤਾਵਰ ਸਿੰਘ ਨੇ ਦੱਸਿਆ ਕਿ ਫੂਡ ਸਪਲਾਈ ਵਿਭਾਗ ਪੰਜਾਬ ਸਰਕਾਰ ਵੱਲੋਂ 2019 ਵਿੱਚ ਜਿਹੜੀ ਪਾਲਿਸੀ ਬਣਾਈ ਗਈ ਸੀ, ਉਨ੍ਹਾਂ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਸੀ। ਜਿਸ 'ਚ ਉਨ੍ਹਾਂ ਨੂੰ ਰੇਟ ਘੱਟ ਦਿੱਤੇ ਜਾ ਰਹੇ ਸਨ, ਪਰ ਉਨ੍ਹਾਂ ਨੂੰ ਅਗਲੇ ਸਾਲ ਰੇਟ ਵਧਾਉਣ ਦਾ ਭਰੋਸਾ ਦਿੱਤਾ ਗਿਆ ਸੀ।
ਉਨ੍ਹਾਂ ਦਾ ਕਹਿਣਾ ਸੀ ਕਿ ਕੈਪਟਨ ਸਰਕਾਰ ਨੇ ਸਰਕਾਰ ਬਣਾਉਂਦੇ ਸਮੇਂ ਉਨ੍ਹਾਂ ਨੂੰ ਵਆਦਾ ਕੀਤਾ ਸੀ ਕਿ ਉਨ੍ਹਾਂ ਨੂੰ ਵੋਟ ਦਿਓ ਤਾਂ ਠੇਕੇਦਾਰੀ ਸਿਸਟਮ ਖ਼ਤਮ ਕਰ ਮਜਦੂਰਾਂ ਨੂੰ ਸਿੱਧੇ ਪੈਸੇ ਦਿੱਤੇ ਜਾਣਗੇ, ਪਰ ਕੈਪਟਨ ਸਰਕਾਰ ਨੇ ਵੀ ਉਨ੍ਹਾਂ ਦੇ ਨਾਲ ਵਾਅਦਾ ਖਿਲ਼ਾਫੀ ਕੀਤੀ।
ਉਨ੍ਹਾਂ ਦਾ ਕਹਿਣਾ ਹੈ ਕਿ ਹੁਣ 2020-2021 ਵਿੱਚ ਫਿਰ ਪੁਰਾਣੇ ਰੇਟਾਂ ਉੱਤੇ ਨਵੀਂ ਪਾਲਿਸੀ ਲਾਗੂ ਕਰ ਦਿੱਤੀ ਗਈ ਹੈ। ਉਨ੍ਹਾਂ ਦੇ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ। ਜੇਕਰ ਸਰਕਾਰ ਨੇ ਸਾਡੀ ਗੱਲ ਨਾ ਮੰਨੀ ਤਾਂ ਅਸੀ ਅਨਿਸ਼ਚਿਤ ਸਮੇਂ ਲਈ ਕੰਮ ਬੰਦ ਕਰ ਦੇਵਾਂਗੇ। ਜਿਸ ਦੀ ਜਿੰਮੇਵਾਰ ਸਰਕਾਰ ਹੋਵੇਗੀ।
ਪੱਲੇਦਾਰ ਯੂਨੀਅਨ ਦੇ ਮੈਂਬਰਾਂ ਨੇ ਕਿਹਾ ਕਿ ਪਹਿਲਾਂ ਸਰਕਾਰ ਨੇ ਮੈਨੇਜਮੇਂਟ ਕਮੇਟੀਆਂ ਨੂੰ ਅਧਿਕਾਰ ਦਿੱਤੇ ਸਨ ਪਰ ਹੁਣ ਉਨ੍ਹਾਂ ਦਾ ਮਜ਼ਦੂਰੀ ਦਾ ਪੈਸਾ ਨਹੀਂ ਦਿੱਤਾ ਜਾ ਰਿਹਾ। ਜਿਸ ਦੇ ਚਲਦਿਆ ਉਨ੍ਹਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦਾ ਬਾਕੀ ਬਕਾਇਆ ਜਲਦੀ ਜਾਰੀ ਕਰੇ। ਦੂਜੇ ਪਾਸੇ ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨਦੀ ਤਾ ਉਹ ਸੂਬੇ ਭਰ ਵਿੱਚ ਧਰਨਾ ਪ੍ਰਦਰਸ਼ਨ ਕਰਨਗੇ।