ਫਾਜ਼ਿਲਕਾ: ਪਿੰਡ ਹੀਰਾਂ ਵਾਲੀ ਵਿੱਚ ਪਿਛਲੇ 16 ਦਿਨਾਂ ਤੋਂ ਹਾਈਵੇ ਉੱਤੇ ਧਰਨਾ ਪ੍ਰਦਰਸ਼ਨ ਜਾਰੀ ਹੈ ਦੱਸਿਆ ਜਾ ਰਿਹਾ ਹੈ ਕਿ ਪਿੰਡ ਹੀਰਾਂ ਵਾਲੀ ਵਿੱਚ ਪੰਜਾਬ ਦੇ ਕੈਬਿਨੇਟ ਮੰਤਰੀ ਰਾਣਾ ਸੋਢੀ ਅਤੇ ਉਨ੍ਹਾਂ ਦੇ ਬੇਟੇ ਹੀਰਾ ਸੋਢੀ ਸ਼ਰਾਬ ਦੀ ਫੈਕਟਰੀ ਲਗਾਉਣ ਜਾ ਰਹੇ ਹਨ ਜਿਸਦੇ ਵਿਰੋਧ ਵਿੱਚ ਇਹ ਧਰਨਾ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਇਸ ਪ੍ਰਦਰਸ਼ਨ ਵਿੱਚ ਕਰੀਬ 29 ਪਿੰਡਾਂ ਦੀਆਂ ਪੰਚਾਇਤਾਂ ਹਿੱਸਾ ਲੈ ਰਹੀਆਂ ਹਨ ਅਤੇ ਔਰਤਾਂ ਵੀ ਵੱਡੀ ਗਿਣਤੀ ਵਿੱਚ ਇਸ ਧਰਨੇ ਵਿੱਚ ਹਰ ਰੋਜ ਸ਼ਾਮਲ ਹੁੰਦੀਆਂ ਹਨ।
ਇਹ ਵੀ ਪੜੋ: ਅਕਾਲੀਆਂ ਦੇ ਕਰਜ਼ੇ ਦਾ ਕਰੋੜਾਂ ਰੁਪਏ ਸਾਲਾਨਾ ਵਿਆਜ਼ ਭਰ ਰਹੀ ਹੈ ਸਰਕਾਰ: ਜਾਖੜ
ਪੰਜਾਬ ਰਾਜਸਥਾਨ ਹਾਈਵੇ ਨੂੰ ਪਿਛਲੇ 16 ਦਿਨਾਂ ਤੋਂ ਇਨ੍ਹਾਂ ਲੋਕਾਂ ਨੇ ਬੰਦ ਕਰ ਰੱਖਿਆ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਜ਼ਿਲ੍ਹਾਂ ਪ੍ਰਸ਼ਾਸਨ ਡੀਸੀ ਅਤੇ ਐੱਸਐੱਸਪੀ ਦੇ ਦਫ਼ਤਰ ਦੇ ਅੱਗੇ ਵੀ ਕਈ ਵਾਰ ਪ੍ਰਦਰਸ਼ਨ ਹੋ ਚੁੱਕੇ ਹਨ ਪਰ ਪ੍ਰਸ਼ਾਸਨ ਫੈਕਟਰੀ ਮਾਲਿਕਾਂ ਅਤੇ ਪਿੰਡ ਨਿਵਾਸੀਆਂ ਵਿੱਚ ਕਿਸੇ ਤਰ੍ਹਾਂ ਦੀ ਸਹਿਮਤੀ ਬਣਾਉਣ ਵਿੱਚ ਹੁਣ ਤਕ ਅਸਫਲ ਰਿਹਾ ਹੈ।
ਪਿੰਡ ਨਿਵਾਸੀ ਇਸ ਗੱਲ ਉੱਤੇ ਅੜੇ ਹਨ ਕਿ ਉਹ ਕਿਸੇ ਵੀ ਕੀਮਤ ਉੱਤੇ ਪਿੰਡ ਵਿੱਚ ਸ਼ਰਾਬ ਫੈਕਟਰੀ ਨਹੀਂ ਲੱਗਣ ਦੇਣਗੇ। ਉਥੇ ਹੀ ਇਸ ਮਾਮਲੇ ਸਬੰਧੀ ਫਾਜ਼ਿਲਕਾ ਦੇ ਡੀਸੀ ਅਰਵਿੰਦ ਪਾਲ ਸਿੰਘ ਸੰਧੂ ਨਾਲ ਜਦੋਂ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਵੀ ਮੰਨਿਆ ਕਿ ਪਿਛਲੇ 16 ਦਿਨਾਂ ਤੋਂ ਹਾਈਵੇ ਜਾਮ ਹੈ ਅਤੇ ਲੋਕ ਸੜਕਾਂ ਉੱਤੇ ਉਤਰੇ ਹੋਏ ਹਨ।
ਉਨ੍ਹਾਂ ਨੇ ਕਿਹਾ ਕਿ ਅਸੀਂ ਕਈ ਵਾਰ ਸਮਝੌਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਨਾਕਾਮ ਰਹੇ ਹੁਣ ਛੇਤੀ ਹੀ ਦੋਵਾਂ ਪਾਰਟੀਆਂ ਦੀ ਮੀਟਿੰਗ ਕਰਵਾ ਕੇ ਦੁਬਾਰਾ ਮਸਲੇ ਦਾ ਹੱਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।