ਫਾਜ਼ਿਲਕਾ: ਕੋਰੋਨਾ ਵਾਇਰਸ ਦੇ ਮੱਦੇਨਜ਼ਰ ਪੰਜਾਬ 'ਚ ਕਰਫਿਊ ਤੇ ਦੇਸ਼ ਭਰ 'ਚ ਲੌਕਡਾਊਨ ਦਾ ਐਲਾਨ ਕੀਤਾ ਗਿਆ ਹੈ। ਇਸ ਦੌਰਾਨ ਹੋਰਨਾਂ ਸੂਬਿਆਂ ਚੋਂ ਪੰਜਾਬ ਆਏ ਲੋਕ ਵਾਪਸ ਆਪਣੇ ਘਰ ਵਾਪਸ ਪਰਤ ਰਹੇ ਹਨ। ਇਸ ਦੌਰਾਨ ਵੱਡੀ ਗਿਣਤੀ 'ਚ ਲੋਕ ਰਾਜਸਥਾਨ ਬਾਰਡਰ 'ਤੇ ਫਸ ਗਏ ਹਨ।
ਪੰਜਾਬ ਰਾਜਸਥਾਨ ਬਾਰਡਰ 'ਤੇ ਫਸੇ ਲੋਕਾਂ ਨੇ ਦੱਸਿਆ ਕਿ ਉਨ੍ਹਾਂ ਦੇ ਕੋਲ ਪੰਜਾਬ ਦੇ ਪ੍ਰਬੰਧਕੀ ਅਧਿਕਾਰੀਆਂ ਡੀਸੀ ਅਤੇ ਐਸਡੀਐਮ ਵੱਲੋਂ ਜਾਰੀ ਕੀਤੇ ਗਏ ਟਰੈਵਲਰ ਲੈਟਰ ਹਨ, ਪਰ ਇਸ ਦੇ ਬਾਵਜੂਦ ਰਾਜਸਥਾਨ ਪੁਲਿਸ ਉਨ੍ਹਾਂ ਨੂੰ ਰਾਜਸਥਾਨ 'ਚ ਦਾਖਲ ਹੋਣ ਦੀ ਆਗਿਆ ਨਹੀਂ ਦੇ ਰਹੀ ਹੈ। ਰਾਜਸਥਾਨ ਪੁਲਿਸ ਇਨ੍ਹਾਂ ਟਰੈਵਲਰ ਲੈਟਰਸ ਨੂੰ ਮੰਨਣ ਲਈ ਬਿਲਕੁਲ ਵੀ ਤਿਆਰ ਨਹੀਂ ਸਗੋਂ ਇਸ ਦੇ ਉਲਟ ਉਨ੍ਹਾਂ ਨੂੰ ਵਾਪਸ ਮੁੜਨ ਲਈ ਧਮਕੀਆਂ ਦਿੱਤੀਆ ਜਾ ਰਹੀਆਂ ਹਨ।
ਲੋਕਾਂ ਨੇ ਦੱਸਿਆ ਕਿ ਇਸ ਦੌਰਾਨ ਉਨ੍ਹਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਆਮ ਲੋਕਾਂ ਦੇ ਨਾਲ-ਨਾਲ ਐਮਬੂਲੈਂਸ ਰਾਹੀਂ ਇਲਾਜ ਲਈ ਜਾਣ ਵਾਲੇ ਲੋਕਾਂ ਨੂੰ ਵੀ ਜਾਣ ਨਹੀਂ ਦਿੱਤਾ ਜਾ ਰਿਹਾ। ਲੋਕਾਂ ਨੇ ਅਜਿਹੀ ਸਥਿਤੀ 'ਚ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਹੈ ਤਾਂ ਜੋ ਉਹ ਸੁਰੱਖਿਅਤ ਆਪਣੇ ਘਰ ਵਾਪਸ ਪਹੁੰਚ ਸਕਣ।
ਹੋਰ ਪੜ੍ਹੋ : ਲੋੜਵੰਦ ਚੀਜ਼ਾਂ ਦੀ ਸਪਲਾਈ ਸਬੰਧੀ ਗੁਰਜੀਤ ਔਜਲਾ ਨੇ ਵਪਾਰੀਆਂ ਨਾਲ ਕੀਤੀ ਮੀਟਿੰਗ
ਇਸ ਦੌਰਾਨ ਜਦ ਮੀਡੀਆ ਕਰਮੀਆਂ ਨੇ ਰਾਜਸਥਾਨ ਪੁਲਿਸ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੇ ਲੌਕਡਾਊਨ ਹੋਣ ਦੀ ਗੱਲ ਆਖੀ, ਪਰ ਲੋਕਾਂ ਨੂੰ ਅੱਗੇ ਨਾ ਜਾ ਦੇਣ ਬਾਰੇ ਕੁੱਝ ਵੀ ਕਹਿਣ ਤੋਂ ਇਨਕਾਰ ਕਰ ਦਿੱਤਾ। ਇਸ ਤੋਂ ਇਲਾਵਾ ਪੰਜਾਬ ਪੁਲਿਸ ਵੱਲੋਂ ਰਾਜਸਥਾਨ ਤੋਂ ਆਏ ਲੋਕਾਂ ਨੂੰ ਪੰਜਾਬ ਆਉਣ ਦੀ ਆਗਿਆ ਦਿੱਤੀ ਜਾ ਰਹੀ ਹੈ।