ਅਬੋਹਰ: ਸ਼ਹਿਰ ਦੇ ਇੱਕ ਸੀਡ ਫਾਮ ਵਿੱਚ ਮਾਲੀ ਦਾ ਕੰਮ ਕਰਦੇ ਪੂਰਨ ਚੰਦ ਨਾਂਅ ਦੇ ਵਿਅਕਤੀ ਦੀ ਸ਼ੱਕੀ ਹਲਾਤ ਵਿੱਚ ਮੌਤ ਹੋਣ ਦੀ ਖ਼ਬਰ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਮ੍ਰਿਤਕ ਦਾ ਗਲਾ ਦੱਬ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਜ਼ਾਹਿਰ ਕੀਤਾ ਹੈ। ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸ਼ਹਿਰੀ ਦੇ ਮੁਖੀ ਅੰਗਰੇਜ ਕੁਮਾਰ ਵੀ ਮੌਕੇ 'ਤੇ ਪਹੁੰਚ ਗਏ।
ਮ੍ਰਿਤਕ ਪੂਰਨ ਚੰਦ ਦੇ ਪੁੱਤਰ ਸੁਮਿਤ ਕੁਮਾਰ ਨੇ ਦੱਸਿਆ ਕਿ ਉਸ ਨੇ ਅੱਜ ਸਵੇਰੇ 7:00 ਵਜੇ ਆਪਣੇ ਸੁੱਤੇ ਹੋਏ ਪਿਤਾ ਨੂੰ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹ ਮ੍ਰਿਤਕ ਪਾਏ ਗਏ। ਉਨ੍ਹਾਂ ਦੇ ਗਲੇ ਉੱਤੇ ਕਿਸੇ ਚੀਜ਼ ਨਾਲ ਗਲਾ ਦੱਬੇ ਜਾਣ ਦੇ ਨਿਸ਼ਾਨ ਸਨ। ਇਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ ਗਈ। ਸੁਮਿਤ ਨੇ ਕੁੱਝ ਲੋਕਾਂ ਉੱਤੇ ਸ਼ੱਕ ਜਤਾਉਂਦੇ ਹੋਏ ਕਿਹਾ ਹੈ ਕਿ ਉਸ ਦਾ ਆਪਣੇ ਦੋਸਤਾਂ ਦੇ ਨਾਲ ਥੋੜ੍ਹੇ ਦਿਨ ਪਹਿਲਾਂ ਝਗੜਾ ਹੋਇਆ ਸੀ ਇਹ ਉਨ੍ਹਾਂ ਦਾ ਕੰਮ ਲੱਗਦਾ ਹੈ।
ਉੱਥੇ ਹੀ ਥਾਣਾ ਸ਼ਹਿਰੀ ਦੇ ਮੁਖੀ ਅੰਗਰੇਜ ਕੁਮਾਰ ਨੇ ਦੱਸਿਆ ਕਿ ਮੁਢਲੀ ਜਾਂਚ ਵਿੱਚ ਪੂਰਨ ਚੰਦ ਦਾ ਗਲਾ ਦੱਬਿਆ ਹੋਣ ਦਾ ਸ਼ੱਕ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਸਾਰੀ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਤੋਂ ਬਾਅਦ ਹੀ ਕੋਈ ਸੱਚਾਈ ਸਹਾਮਣੇ ਆਵੇਗੀ। ਉਨ੍ਹਾਂ ਕਿਹਾ ਕਿ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ, ਜਿਸ ਤੋਂ ਬਾਅਦ ਹੀ ਕੋਈ ਗੱਲ ਸਾਫ ਹੋ ਸਕਦੀ ਹੈ।