ਫਾਜ਼ਿਲਕਾ: ਸੰਯੁਕਤ ਸਮਾਜ ਮੋਰਚਾ ਦੇ ਉਮੀਦਵਾਰ ਕਾਮਰੇਡ ਸੁਰਿੰਦਰ ਢੰਡੀਆਂ ਨੇ ਐੱਸ.ਐੱਸ.ਪੀ. ਫਾਜ਼ਿਲਕਾ ਦਾ ਤਬਾਦਲਾ ਨਾ ਕਰਨ ਖ਼ਿਲਾਫ਼ ਭੁੱਖ ਹੜ੍ਹਤਾਲ ਤੇ ਬੈਠਣ ਦੀ ਚਿਤਾਵਨੀ ਦਿੱਤੀ ਹੈ। ਰਿਟਰਨਿੰਗ ਅਫ਼ਸਰ ਨੂੰ ਲਿਖਤੀ ਮੰਗ ਪੱਤਰ ਦਿੱਤਾ ਗਿਆ ਹੈ। ਦੋਸ਼ ਹੈ ਕਿ ਇੱਕ ਸੋਚੀ ਸਮਝੀ ਸਾਜਿਸ਼ ਰਾਹੀਂ ਮੇਰੇ ਵਰਕਾਰਾਂ ਨੂੰ ਧਮਕਾਇਆ ਜਾ ਰਿਹਾ ਹੈ। ਇਸ ਸਬੰਧ ਵਿੱਚ ਪਹਿਲਾਂ ਵੀ ਦਰਖਾਸਤ ਦਿਤੀ ਗਈ ਸੀ ਪਰ ਉਸ ਤੇ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ। ਇਸ ਕਾਰਨ ਹੁਣ ਕਾਰਵਾਈ ਨਾ ਹੋਈ ਤਾਂ ਉਹ ਭੁੱਖ ਹੜ੍ਹਤਾਲ ਤੇ ਬੈਠਣਗੇ।
ਉਨ੍ਹਾਂ ਵੱਲੋਂ ਹਲਕਾ ਰਿਟਰਨਿੰਗ ਅਫ਼ਸਰ ਕਮ ਐਸਡੀਐਮ ਦੇਵਦਰਸ਼ਦੀਪ ਸਿੰਘ ਨੂੰ ਲਿਖਤੀ ਮੰਗ ਪੱਤਰ ਦਿੰਦਿਆਂ ਕਿਹਾ ਹੈ ਕਿ ਜੇਕਰ ਜ਼ਿਲ੍ਹਾ ਪੁਲਿਸ ਮੁਖੀ ਸਚਿਨ ਗੁਪਤਾ ਦਾ ਤਬਾਦਲਾ ਨਹੀਂ ਕੀਤਾ ਜਾਂਦਾ, ਉਹ ਰਿਟਰਨਿੰਗ ਅਫ਼ਸਰ ਦੇ ਦਫ਼ਤਰ ਸਾਹਮਣੇ ਅਣਮਿੱਥੇ ਸਮੇਂ ਲਈ ਭੁੱਖ ਹੜ੍ਹਤਾਲ ਤੇ ਬੈਠਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਾਮਰੇਡ ਸੁਰਿੰਦਰ ਢੰਡੀਆਂ ਨੇ ਦੱਸਿਆ ਕਿ ਬੀਤੀ 1 ਫਰਵਰੀ ਨੂੰ ਪਿੰਡ ਚੱਕ ਬੁੱਧੋਕੇ ਅਤੇ 6 ਫਰਵਰੀ ਨੂੰ ਪਿੰਡ ਬੰਦੀ ਵਾਲਾ ਵਿਖੇ ਉਨ੍ਹਾਂ ਦੇ ਚੋਣ ਏਜੰਟ ਕਾਮਰੇਡ ਹੰਸਰਾਜ ਗੋਲਡੀ 'ਤੇ ਅਦਾਲਤ ਦੇ ਭਗੌੜਾ ਅਮਨ ਕੰਬੋਜ ਦੇ ਆਦਮੀਆਂ ਵੱਲੋਂ ਹਮਲਾ ਕਰਵਾਇਆ ਗਿਆ ਹੈ। ਇਹ ਹਮਲਾ ਸੋਚੀ ਸਮਝੀ ਸਾਜ਼ਿਸ਼ ਤਹਿਤ ਮੇਰੇ ਵੋਟਰਾਂ ਨੂੰ ਡਰਾਉਣ ਧਮਕਾਉਣ ਅਤੇ ਪ੍ਰਭਾਵਿਤ ਕਰਨ ਲਈ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: ਸਿਆਸੀ ਵਿਰੋਧਤਾ ਦੇ ਬਾਵਜੂਦ ਵਿਕਾਸ ਦੇ ਨਾਂਅ 'ਤੇ ਇਕਜੁੱਟ ਰਹਿੰਦੇ ਹਨ ਪਿੰਡ ਬਾਦਲ ਦੇ ਲੋਕ
ਉਨ੍ਹਾਂ ਕਿਹਾ ਕਿ ਮੇਰੇ ਚੋਣ ਏਜੰਟ ਵੱਲੋਂ ਸਬੰਧਤ ਥਾਣਾ ਵੈਰੋਕਾ ਵਿਖੇ ਲਿਖਤੀ ਦਰਖਾਸਤ ਦੋਸ਼ੀਆਂ ਖ਼ਿਲਾਫ਼ ਦਿੱਤੀ ਗਈ ਸੀ, ਪ੍ਰੰਤੂ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ। ਉਨ੍ਹਾਂ ਦੋਸ਼ ਲਾਉਂਦੇ ਹੋਏ ਕਿਹਾ ਕਿ ਅਮਨ ਕੰਬੋਜ ਨਾਲ ਮਿਲੀਭੁਗਤ ਰੱਖਣ ਵਾਲੇ ਜ਼ਿਲ੍ਹਾ ਫਾਜ਼ਿਲਕਾ ਦੇ ਪੁਲੀਸ ਮੁਖੀ (ਐਸ ਐਸ ਪੀ) ਸਚਿਨ ਗੁਪਤਾ ਖ਼ਿਲਾਫ਼ ਨਾ ਤਾਂ ਕੋਈ ਵਿਭਾਗੀ ਕਾਰਵਾਈ ਕੀਤੀ ਗਈ ਹੈ ਅਤੇ ਨਾ ਹੀ ਉਸ ਨੂੰ ਬਦਲਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਸਾਡੇ ਵੋਟਰ ਅਤੇ ਸਮਰਥਕ ਇਨ੍ਹਾਂ ਤੋਂ ਡਰੇ ਹੋਏ ਹਨ। ਜੇਕਰ ਚੋਣ ਕਮਿਸ਼ਨ ਵੱਲੋਂ ਕੋਈ ਤੁਰੰਤ ਕਾਰਵਾਈ ਨਾ ਕੀਤੀ ਗਈ ਤਾਂ ਉਹ ਸੋਮਵਾਰ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣਗੇ। ਨਾਲ ਇਹ ਵੀ ਕਿਹਾ ਕਿ ਉਨ੍ਹਾਂ ਦੇ ਚੋਣ ਏਜੰਟ, ਵੋਟਰਾਂ ਅਤੇ ਸਮਰੱਥਕਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਜ਼ਿੰਮੇਵਾਰੀ ਜ਼ਿਲ੍ਹਾ ਪੁਲਿਸ ਮੁਖੀ ਸਚਿਨ ਗੁਪਤਾ ਦੀ ਹੋਵੇਗੀ।