ਫ਼ਾਜ਼ਿਲਕਾ: ਵਿਧਾਨਸਭਾ ਹਲਕਾ ਅਬੋਹਰ ਦੇ ਪਿੰਡ ਹਰੀਪੁਰਾ ਵਿੱਚ ਇੱਕ ਦਿਲ ਕੰਬਾਊ ਮਾਮਲਾ ਸਾਹਮਣੇ ਆਇਆ ਹੈ। ਐਸ.ਸੀ ਵਰਗ ਨਾਲ ਸਬੰਧਤ ਇੱਕ ਦਲਿਤ ਵਿਅਕਤੀ ਨੂੰ ਪਿੰਡ ਦੇ ਕੁੱਝ ਜ਼ਮੀਦਾਰ ਵਿਅਕਤੀਆਂ ਨੇ ਬੰਧਕ ਬਣਾ ਕੇ ਜਾਨਵਰਾਂ ਵਾਂਗ ਕੁੱਟਿਆ ਅਤੇ ਉਸ ਨੂੰ ਛਡਾਉਣ ਗਏ ਉਸ ਦੇ ਭਰਾ ਨੂੰ ਵੀ ਮਾਰਕੁੱਟ ਦੀ ਧਮਕੀ ਦਿੱਤੀ। ਇਸ ਸਾਰੇ ਮਾਮਲੇ ਤੋਂ ਬਾਅਦ ਉਨ੍ਹਾਂ ਪੁਲਿਸ ਨੂੰ ਸੂਚਿਤ ਕੀਤਾ ਅਤੇ ਪੁਲਿਸ ਨੇ ਪਹੁੰਚ ਕੇ ਜ਼ਮੀਂਦਾਰਾਂ ਦੇ ਕਬਜ਼ੇ ਵਿੱਚੋਂ ਉਸ ਨੂੰ ਛੁਡਾਇਆ ।
ਹਸਪਤਾਲ ਵਿੱਚ ਜ਼ੇਰੇ ਇਲਾਜ਼ ਸੰਤੋਸ਼ ਕੁਮਾਰ ਨੇ ਦੱਸਿਆ ਕਿ ਉਸ ਦੇ ਨਾਲ ਅਜਿਹਾ ਵਤੀਰਾ ਸਿਰਫ਼ ਇਸ ਕਰਕੇ ਕੀਤਾ ਗਿਆ ਕਿਉਂਕਿ ਉਸ ਦੀ ਪਤਨੀ ਅਤੇ ਬੱਚੇ ਜ਼ਮੀਂਦਾਰ ਦੇ ਕਬਜ਼ੇ ਹੇਠ ਹਨ, ਜਿਨ੍ਹਾਂ ਨੂੰ ਛੱਡਣ ਨੂੰ ਲੈ ਕੇ ਮੈਂ ਕਈ ਵਾਰ ਗੁਹਾਰ ਲਾਈ ਹੈ। ਇਸ ਕਰ ਕੇ ਉਨ੍ਹਾਂ ਨੇ ਮੇਰੇ ਅਜਿਹਾ ਸਲੂਕ ਕੀਤੀ ਹੈ। ਉਸ ਨੇ ਇਲਜ਼ਾਮ ਲਾਏ ਹਨ ਕਿ ਪਿੰਡ ਦੇ ਜੈ ਪ੍ਰਕਾਸ਼ ਵਲੋਂ ਉਸ ਦੀ ਪਤਨੀ ਅਤੇ ਬੱਚੇ ਕਰੀਬ ਇੱਕ ਮਹੀਨੇ ਤੋ ਆਪਣੇ ਕਬਜ਼ੇ ਵਿੱਚ ਰਖੇ ਹਨ ।
ਉਸ ਨੇ ਦੱਸਿਆ ਕਿ ਉਹ ਕਈ ਵਾਰ ਇਸ ਬਾਬਤ ਪੁਲਿਸ ਨੂੰ ਵੀ ਸ਼ਿਕਾਇਤ ਕਰ ਚੁੱਕਿਆ ਹੈ, ਪਰ ਪੁਲਿਸ ਵੱਲੋਂ ਵੀ ਕੋਈ ਕਾਰਵਾਈ ਨਹੀਂ ਹੋਈ। ਬੀਤੇ ਦਿਨ ਉਹ ਗਲੀ ਵਿੱਚੋ ਲੰਘ ਰਿਹਾ ਸੀ ਤਾਂ ਉਨ੍ਹਾਂ ਨੇ ਮੈਨੂੰ ਰੱਸੇ ਨਾਲ ਬਨ੍ਹ ਲਿਆ ਅਤੇ ਘਰ ਅੰਦਰ ਲਿਜਾ ਕੇ ਬੰਧਕ ਬਣਾ ਲਿਆ ਅਤੇ ਜਾਨਵਰਾ ਵਾਂਗ ਕੁੱਟਿਆ।
ਪੀੜਿਤ ਵਿਅਕਤੀ ਦੇ ਭਰਾ ਅਰਵਿੰਦ ਕੁਮਾਰ ਨੇ ਕਿਹਾ ਕਿ ਜਦੋਂ ਉਸ ਨੂੰ ਪਤਾ ਚੱਲਿਆ ਤਾਂ ਉਹ ਆਪਣੇ ਭਰਾ ਨੂੰ ਛਡਾਉਣ ਲਈ ਗਿਆ ਪਰ ਉਨ੍ਹਾਂ ਲੋਕਾਂ ਨੇ ਮੈਨੂੰ ਵੀ ਧਮਕੀ ਦਿੱਤੀ। ਜਿਸ ਤੋਂ ਬਾਅਦ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ।
ਇਸ ਬਾਰੇ ਥਾਣਾ ਖੁਈਆ ਸਰਵਰ ਦੇ ਮੁਖੀ ਰਮਨ ਕੁਮਾਰ ਦਾ ਕਹਿਣਾ ਹੈ ਕਿ ਪਿੰਡ ਹਰੀਪੁਰਾ ਵਾਸੀ ਸੰਤੋਸ਼ ਕੁਮਾਰ ਦੇ ਨਾਲ ਮਾਰਕੁੱਟ ਦਾ ਮਾਮਲੇ ਸਾਹਮਣੇ ਆਇਆ ਹੈ ਅਤੇ ਪੁਲਿਸ ਨੇ ਇਸ ਸਬੰਧੀ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਆਰੰਭ ਦਿੱਤੀ ਹੈ।