ਫ਼ਾਜ਼ਿਲਕਾ: 29 ਅਕਤੂਬਰ ਨੂੰ ਪਿੰਡ ਲਾਧੂਕਾ ਵਿਖੇ ਇੱਕ ਮੋਟਰਸਾਈਕਲ ਸਵਾਰ ਦੇ ਕਤਲ ਦੀ ਗੁੱਥੀ ਨੂੰ ਸੁਲਝਾਉਂਦੇ ਹੋਏ ਪੁਲਿਸ ਨੇ ਰਸ਼ਪਾਲ ਸਿੰਘ ਦੇ ਕਾਤਲ ਅਤੇ ਤਿੰਨ ਚਚੇਰੇ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਦੱਸਿਆ ਕਿ ਕਤਲ ਜ਼ਮੀਨੀ ਵਿਵਾਦ ਨੂੰ ਲੈ ਕੇ ਕੀਤਾ ਗਿਆ। ਕਥਿਤ ਦੋਸ਼ੀਆਂ ਨੂੰ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ।
ਐਤਵਾਰ ਕਾਨਫ਼ਰੰਸ ਦੌਰਾਨ ਏਐਸਪੀ ਸ਼ੁਭਮ ਅਗਰਵਾਲ ਨੇ ਦੱਸਿਆ ਕਿ ਬੀਤੇ ਦਿਨੀ ਪਿੰਡ ਲਾਧੂਕਾ 'ਚ ਮੋਟਰਸਾਈਕਲ ਸਵਾਰ ਪਿੰਡ ਚੱਕ ਮੁਹੰਮਦ ਵਾਲਾ ਵਾਸੀ ਰਸ਼ਪਾਲ ਸਿੰਘ ਪੁੱਤਰ ਨਿਧਾਨ ਸਿੰਘ ਨੂੰ ਕਿਸੇ ਅਣਪਛਾਤੇ ਵਿਅਕਤੀ ਨੇ ਰਸਤੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ। ਪੁਲਿਸ ਨੇ ਮਾਮਲੇ ਵਿੱਚ ਕੇਸ ਦਰਜ ਕਰਕੇ ਕਾਰਵਾਈ ਅਰੰਭ ਦਿੱਤੀ ਸੀ।
ਕਤਲ ਪਿੱਛੋਂ ਮ੍ਰਿਤਕ ਦੇ ਮੁੰਡੇ ਸਤਨਾਮ ਪਾਲ ਨੇ ਪੁਲਿਸ ਨੂੰ ਦੱਸਿਆ ਸੀ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਕਾਫੀ ਲੰਮੇ ਸਮੇਂ ਤੋਂ ਉਨ੍ਹਾਂ ਦਾ ਰਿਸ਼ਤੇਦਾਰਾਂ ਨਾਲ ਵਿਵਾਦ ਚੱਲ ਰਿਹਾ ਹੈ। ਉਸ ਨੇ ਮ੍ਰਿਤਕ ਦੇ ਚਾਚੇ ਦੇ ਮੁੰਡਿਆਂ ਨਰਿੰਦਰ ਸਿੰਘ, ਹਰਭਜਨ ਸਿੰਘ ਪੁੱਤਰ ਖਜਾਨ ਸਿੰਘ ਅਤੇ ਗੁਰਚਰਨ ਸਿੰਘ ਪੁੱਤਰ ਨਰਿੰਦਰ ਸਿੰਘ ਉਪਰ ਸ਼ੱਕ ਜਤਾਇਆ ਸੀ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਰਸ਼ਪਾਲ ਸਿੰਘ ਦਾ ਕਤਲ ਜ਼ਮੀਨੀ ਵਿਵਾਦ ਕਾਰਨ ਉਸ ਦੇ ਚਾਚੇ ਦੇ ਮੁੰਡਿਆਂ ਨੇ ਹੀ ਕਰਵਾਇਆ ਹੈ। ਕਥਿਤ ਦੋਸ਼ੀਆਂ ਨੇ ਕਤਲ ਲਈ ਗੁਰਮੀਤ ਸਿੰਘ ਨਾਂ ਦੇ ਵਿਅਕਤੀ ਨੂੰ ਢਾਈ ਲੱਖ ਰੁਪਏ ਦੀ ਫ਼ਿਰੌਤੀ ਦਿੱਤੀ ਸੀ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਚਾਰੇ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਦੋ ਦਿਨ ਦਾ ਰਿਮਾਂਡ ਹਾਸਲ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਫਿਰੌਤੀ ਦੀ ਰਕਮ ਵਿੱਚੋ 40 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ ਅਤੇ ਹੋਰ ਜਾਂਚ ਕੀਤੀ ਜਾ ਰਹੀ ਹੈ।