ਫ਼ਾਜ਼ਿਲਕਾ: ਭਾਰਤ-ਪਾਕਿਸਤਾਨ ਸਰਹੱਦ 'ਤੇ ਪੈਂਦੇ ਪਿੰਡ ਦੋਨਾ ਨਾਨਕਾ 'ਚ ਸਤਲੁਜ ਦਰਿਆ ਲੰਘਦਾ ਹੈ ਪਰ ਉੱਥੇ ਲੋਕਾਂ ਦੇ ਲੰਘਣ ਲਈ ਪੁੱਲ ਨਹੀਂ ਬਣਾਇਆ ਗਿਆ। ਇਸ ਦੇ ਚੱਲਦਿਆਂ ਪਿੰਡ ਵਾਸੀਆਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਪਿੰਡ ਵਾਸੀਆਂ ਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਰੋਜ਼ਾਨਾ ਹੀ ਨਹਿਰ 'ਚੋਂ ਲੰਘ ਕੇ ਜਾਣਾ ਪੈਂਦਾ ਹੈ। ਇਸ ਦੇ ਚੱਲਦਿਆਂ ਉਨ੍ਹਾਂ ਦੀ ਜਾਨ ਨੂੰ ਹਮੇਸ਼ਾ ਖਤਰਾ ਬਣਿਆ ਰਹਿੰਦਾ ਹੈ। ਉੱਥੇ ਹੀ ਪਿੰਡ ਦੇ ਲੋਕਾਂ ਨੂੰ ਫ਼ਾਜ਼ਿਲਕਾ ਸ਼ਹਿਰ 'ਚ ਆਉਣ ਲਈ ਅੱਠ ਕਿਲੋਮੀਟਰ ਦੀ ਥਾਂ 18 ਤੋਂ 20 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਜਾਣਾ ਪੈਂਦਾ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਦੱਸਿਆ ਕਿ ਉਨ੍ਹਾਂ ਵਲੋਂ ਕਾਫ਼ੀ ਲੰਮੇ ਸਮੇਂ ਤੋਂ ਸਰਕਾਰ ਕੋਲੋਂ ਪੁੱਲ ਬਣਾਉਣ ਦੀ ਮੰਗ ਕੀਤੀ ਜਾ ਰਹੀ ਹੈ ਪਰ ਕੋਈ ਸੁਣਵਾਈ ਨਹੀਂ ਹੋਈ। ਉਨ੍ਹਾਂ ਨੇ ਕਿਹਾ ਕਿ ਜਦੋਂ ਵੋਟਾਂ ਆਉਂਦੀਆਂ ਹਨ ਤਾਂ ਨੇਤਾ ਵੋਟ ਮੰਗਣ ਲਈ ਆ ਕੇ ਪੁੱਲ ਬਣਾਉਣ ਦਾ ਭਰੋਸਾ ਦੇ ਜਾਂਦੇ ਹਨ ਪਰ ਮਗਰੋਂ ਕੋਈ ਗੇੜਾ ਤੱਕ ਨਹੀਂ ਮਾਰਦਾ। ਪਿੰਡ ਦੇ ਲੋਕਾਂ ਨੇ ਕਿਹਾ ਕਿ ਜੇ ਸਰਕਾਰ ਨੇ ਪੁੱਲ ਨਾ ਬਣਵਾਇਆ ਤਾਂ ਉਹ ਕਿਸੇ ਵੀ ਲੀਡਰ ਨੂੰ ਵੋਟ ਨਹੀਂ ਪਾਉਣਗੇ।